ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਇੱਕ ਮੰਜ਼ਿਲਾ ਮਕਾਨ ਢਹਿ ਜਾਣ ਕਾਰਨ ਇੱਕ ਵਿਆਹੁਤਾ ਜੋੜੇ ਦੀ ਦਰਦਨਾਕ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਟਿੰਕੂ (32) ਅਤੇ ਉਸ ਦੀ ਪਤਨੀ ਉਰਮਿਲਾ (30) ਵਜੋਂ ਹੋਈ ਹੈ। ਦਿੱਲੀ ਫਾਇਰ ਸਰਵਿਸ (DFS) ਅਨੁਸਾਰ, ਲੰਘੀ ਐਤਵਾਰ ਰਾਤ ਲਗਭਗ 10:30 ਵਜੇ ਮਕਾਨ ਡਿੱਗਣ ਸਬੰਧੀ ਇੱਕ ਐਮਰਜੈਂਸੀ ਕਾਲ ਪ੍ਰਾਪਤ ਹੋਈ ਸੀ।

ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ, ਜਿੱਥੇ ਦੇਖਿਆ ਗਿਆ ਕਿ ਲਗਭਗ 120 ਵਰਗ ਫੁੱਟ ਖੇਤਰਫਲ ਵਾਲੇ ਮਕਾਨ ਦੀ ਛੱਤ ਹੇਠਾਂ ਆ ਡਿੱਗੀ ਸੀ। ਇਹ ਇਮਾਰਤ ਜ਼ਮੀਨੀ ਮੰਜ਼ਿਲ ਤੋਂ ਇਲਾਵਾ ਪਹਿਲੀ ਮੰਜ਼ਿਲ (Ground plus first floor) ਦੀ ਬਣੀ ਹੋਈ ਸੀ। ਛੱਤ ਡਿੱਗਣ ਕਾਰਨ ਪਤੀ-ਪਤਨੀ ਮਲਬੇ ਹੇਠਾਂ ਫਸ ਗਏ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਸੀ। ਇਸ ਤੋਂ ਬਾਅਦ ਜੋੜੇ ਨੂੰ (CATS) ਐਂਬੂਲੈਂਸ ਰਾਹੀਂ ਤੁਰੰਤ ਜਗ ਪ੍ਰਵੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਦੱਸਿਆ ਕਿ ਮਕਾਨ ਦੇ ਢਹਿਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share: