ਸੂਰਤ : ਅਹਿਮਦਾਬਾਦ ਤੋਂ ਨਵੀਂ ਮੁੰਬਈ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਸੋਮਵਾਰ ਸ਼ਾਮ ਉਸ ਵੇਲੇ ਐਮਰਜੈਂਸੀ ਹਾਲਾਤ ਵਿੱਚ ਸੂਰਤ ਹਵਾਈ ਅੱਡੇ ‘ਤੇ ਉਤਾਰਨਾ ਪਿਆ, ਜਦੋਂ ਜਹਾਜ਼ ਵਿੱਚ ਸਵਾਰ ਤਿੰਨ ਸਾਲਾ ਬੱਚਾ ਅਚਾਨਕ ਬੇਹੋਸ਼ ਹੋ ਗਿਆ। ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਬੱਚੇ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜਹਾਜ਼ ਦਾ ਰੂਟ ਬਦਲ ਕੇ ਸੂਰਤ ਵੱਲ ਮੋੜ ਦਿੱਤਾ ਗਿਆ। ਐਮਰਜੈਂਸੀ ਸੂਚਨਾ ਮਿਲਦੇ ਹੀ ਸੂਰਤ ਹਵਾਈ ਅੱਡੇ ’ਤੇ ਐਮਰਜੈਂਸੀ ਪ੍ਰਬੰਧ ਕੀਤੇ ਗਏ। ਹਵਾਈ ਅੱਡੇ ਦੀ ਡਾਕਟਰੀ ਟੀਮ, ਸੀਆਈਐੱਸਐੱਫ ਦੇ ਜਵਾਨ ਅਤੇ ਇੰਡੀਗੋ ਦਾ ਗਰਾਊਂਡ ਸਟਾਫ਼ ਤੁਰੰਤ ਸਰਗਰਮ ਹੋ ਗਿਆ।
ਜਹਾਜ਼ ਦੇ ਉਤਰਦੇ ਹੀ ਡਾਕਟਰੀ ਟੀਮ ਜਹਾਜ਼ ਵਿੱਚ ਪਹੁੰਚੀ ਅਤੇ ਬੱਚੇ ਨੂੰ ਮੁੱਢਲਾ ਇਲਾਜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਅਗਲੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ।
ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਹਸਪਤਾਲ ਪਹੁੰਚਾਉਣ ਤੋਂ ਬਾਅਦ ਜਹਾਜ਼ ਨਾਲ ਸਬੰਧਤ ਲੋੜੀਂਦੀਆਂ ਤਕਨੀਕੀ ਅਤੇ ਸੰਚਾਲਨ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ। ਇਸ ਮਗਰੋਂ ਇੰਡੀਗੋ ਦੀ ਉਡਾਣ ਮੁੜ ਆਪਣੀ ਮੰਜ਼ਿਲ ਨਵੀਂ ਮੁੰਬਈ ਲਈ ਰਵਾਨਾ ਹੋ ਗਈ।

