ਚੰਡੀਗੜ੍ਹ : ਕੇਂਦਰ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਤੇ ਲਗਾਈ ਪਾਬੰਦੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਅੱਜ ਪੱਤਰ ਲਿਖ ਕੇ ਪੈਟਰੋਲ ਪੰਪਾਂ ’ਤੇ ਤੇਲ ਦੀ ਵਿਕਰੀ ’ਤੇ ਲਗਾਈ ਅਸਥਾਈ ਪਾਬੰਦੀ ਨੂੰ ਵਾਪਸ ਲੈਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਕੇਂਦਰ ਸਰਕਾਰ ਨੇ 12 ਜੂਨ ਨੂੰ ਤੇਲ ਦੀ ਗਲੋਬਲ ਸਪਲਾਈ ’ਚ ਦਿੱਕਤਾਂ ਆਉਣ ਕਰਕੇ ਤੇਲ ਦੀ ਕਿੱਲਤ ਰੋਕਣ ਲਈ ਅਸਥਾਈ ਪਾਬੰਦੀਆਂ ਲਾਈਆਂ ਸਨ। ਕੇਂਦਰ ਸਰਕਾਰ ਨੇ ਵਾਹਨਾਂ ਲਈ ਡੀਜ਼ਲ ਦੀ ਵਿਕਰੀ ਲਈ 200 ਲਿਟਰ ਦੀ ਰੋਜ਼ਾਨਾ ਦੀ ਸੀਮਾ ਪ੍ਰਤੀ ਗ੍ਰਾਹਕ ਤੇਲ ਪੰਪਾਂ ’ਤੇ ਲਗਾਈ ਸੀ ਤਾਂ ਕਿ ਤੇਲ ਦੀ ਜਮ੍ਹਾਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਹਾਈ ਸਪੀਡ ਡੀਜ਼ਲ ਦੀ ਪ੍ਰਤੀ ਗ੍ਰਾਹਕ ਪ੍ਰਤੀ ਦਿਨ 200 ਲਿਟਰ ਦੀ ਸੀਮਾ ਤੈਅ ਕੀਤੀ ਗਈ ਸੀ।
ਹੁਣ ਮੁਲਕ ’ਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੇਂਦਰ ਸਰਕਾਰ ਨੇ ਤੇਲ ਦੀ ਵਿਕਰੀ ’ਤੇ ਲਾਈ ਸੀਮਾ ਹਟਾ ਲਈ ਹੈ।
ਪੰਜਾਬ ’ਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਕਰਕੇ ਖੇਤਾਂ ’ਚ ਤੇਲ ਦੀ ਖਪਤ ਵਧਣੀ ਸ਼ੁਰੂ ਹੋ ਗਈ ਸੀ। ਤੇਲ ਦੀ ਵਿਕਰੀ ’ਤੇ ਲਗਾਈ ਸੀਮਾ ਕਰਕੇ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਇਹ ਸੀਮਾ ਹਟਾਏ ਜਾਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।

