ਨਵੀਂ ਦਿੱਲੀ : ਸਿੱਖਿਆ ਖੋਜ ਤੇ ਸਿਖਲਾਈ ਬਾਰੇ ਕੌਮੀ ਕੌਂਸਲ (ਐੱਨ ਸੀ ਈ ਆਰ ਟੀ) ਨੇ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਸੋਧੀ ਹੋਈ ਪਾਠ ਪੁਸਤਕ ’ਚੋਂ ਫਰਾਂਸ ਤੇ ਰੂਸੀ ਇਨਕਲਾਬ ਅਤੇ ਨਾਜ਼ੀਵਾਦ ਦੇ ਉਭਾਰ ਬਾਰੇ ਅਧਿਆਏ ਹਟਾ ਦਿੱਤੇ ਹਨ ਤੇ ਇਨ੍ਹਾਂ ਦੀ ਥਾਂ ਪ੍ਰਾਚੀਨ ਸੱਭਿਅਤਾ, ਮੁੱਢਲੇ ਮਨੁੱਖੀ ਇਤਿਹਾਸ ਤੇ ਭਾਰਤੀ ਗਿਆਨ ਪ੍ਰਣਾਲੀ ਬਾਰੇ ਵਿਸ਼ਾ-ਵਸਤੂ ਨੂੰ ਸ਼ਾਮਲ ਕੀਤਾ ਹੈ। ਵਿਸ਼ਵ ਇਤਿਹਾਸ ਬਾਰੇ ਅਧਿਆਏ ਨੂੰ ਦਸਵੀਂ ਜਮਾਤ ਵਿੱਚ ਤਬਦੀਲ ਕਰ ਦਿੱਤਾ ਹੈ। ਇਤਿਹਾਸ, ਭੂਗੋਲ ਅਤੇ ਰਾਜਨੀਤੀ ਵਿਗਿਆਨ ਨੂੰ ਮਿਲਾ ਕੇ ਬਣਾਈ ਇਸ ਏਕੀਕ੍ਰਿਤ ਪੁਸਤਕ ਵਿੱਚ ‘ਮੁੱਢਲੇ ਮਨੁੱਖ ਅਤੇ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ’ ਸਿਰਲੇਖ ਵਾਲਾ ਨਵਾਂ ਅਧਿਆਏ ਸ਼ਾਮਲ ਹੈ। ਇਹ ਅਧਿਆਏ ਸ਼ਿਕਾਰ ਅਤੇ ਇਕੱਠ ਤੋਂ ਲੈ ਕੇ ਖੇਤੀਬਾੜੀ ਦੇ ਆਗਮਨ ਤੱਕ ਮਨੁੱਖੀ ਵਿਕਾਸ ਦੀ ਯਾਤਰਾ ਨੂੰ ਦਰਸਾਉਂਦਾ ਹੈ। ਇਹ ਮੈਸੋਪੋਟਾਮੀਆ, ਹੜੱਪਾ, ਮਿਸਰ ਅਤੇ ਚੀਨ ਦੀਆਂ ਸੱਭਿਅਤਾਵਾਂ ਦੇ ਨਾਲ-ਨਾਲ ਸੁਮੇਰੀਅਨ ਸਮਾਜ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ – ਜਿਸ ਵਿੱਚ ਸਿੰਜਾਈ ਪ੍ਰਣਾਲੀਆਂ, ਆਰਕੀਟੈਕਚਰ ਅਤੇ ਸਮਾਜਿਕ ਸੰਗਠਨ ਵਰਗੇ ਪਹਿਲੂ ਸ਼ਾਮਲ ਹਨ। ਇਹ ਪਾਠ ਪੁਸਤਕ ਵਿਦਿਆਰਥੀਆਂ ਨੂੰ ਚਾਰ ਵੇਦਾਂ- ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ – ਅਤੇ ਉਨ੍ਹਾਂ ਦੇ ਵਿਆਪਕ ਉਦੇਸ਼ ਨਾਲ ਵੀ ਜਾਣੂ ਕਰਵਾਉਂਦੀ ਹੈ। ਇੱਕ ਅਧਿਆਏ ‘1000 ਈਸਵੀ ਤੱਕ ਰਾਜ ਅਤੇ ਸਮਾਜ’ ਵਰਣ ਅਤੇ ਜਾਤੀ ਪ੍ਰਣਾਲੀਆਂ ਦੇ ਵਿਕਾਸ ਬਾਰੇ ਚਰਚਾ ਕਰਦਾ ਹੈ। ਇਹ ਦੱਸਦਾ ਹੈ ਕਿ ਸ਼ੁਰੂਆਤੀ ਵੈਦਿਕ ਗ੍ਰੰਥ ਸਖ਼ਤ ਜਨਮ-ਅਧਾਰਤ ਸਮਾਜਿਕ ਵਿਵਸਥਾ ਦਾ ਸੰਕੇਤ ਨਹੀਂ ਦਿੰਦੇ ਅਤੇ ਸਮਾਜਿਕ ਪਛਾਣ ਕਿੱਤੇ, ਭੂਗੋਲ, ਭਾਸ਼ਾ ਅਤੇ ਰਿਸ਼ਤੇਦਾਰੀ ਵਰਗੇ ਕਾਰਕਾਂ ਦੁਆਰਾ ਘੜੀ ਗਈ ਸੀ। ਇਸ ਤੋਂ ਇਲਾਵਾ ਸੋਧੇ ਹੋਏ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪੰਚਮਹਾਭੂਤਾਂ – ਧਰਤੀ, ਪਾਣੀ, ਅੱਗ, ਹਵਾ ਅਤੇ ਪੁਲਾੜ – ਦੀ ਧਾਰਨਾ ਸ਼ਾਮਲ ਹੈ ਤਾਂ ਜੋ ਸੰਸਾਰ ਦੀ ਰਚਨਾ ਬਾਰੇ ਰਵਾਇਤੀ ਦਾਰਸ਼ਨਿਕ ਵਿਚਾਰਾਂ ਦੀ ਵਿਆਖਿਆ ਕੀਤੀ ਜਾ ਸਕੇ। ਪੁਸਤਕ ਵਿੱਚ ਕੌਟਿਲਿਆ ਦੇ ਅਰਥਸ਼ਾਸਤਰ ਅਤੇ ਮਹਾਭਾਰਤ ਦੇ ਹਵਾਲੇ ਦਿੱਤੇ ਗਏ ਹਨ।
Posted inNew Delhi
9th ਦੀ Textbook ’ਚੋਂ France ਤੇ Russian Revolutions ਵਾਲੇ ਪਾਠ ਮਿਟਾਏ
