ਕੋਲਕਾਤਾ : ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਇਥੇ ਦੱਖਣੀ ਕੋਲਕਾਤਾ ਵਿਚਲੀ ਕਾਲੀਘਾਟ ਰਿਹਾਇਸ਼ ਦੇ ਬਾਹਰ ਤ੍ਰਿਣਮੂਲ ਵਿਧਾਇਕ ਕੁਨਾਲ ਘੋਸ਼ ਉੱਤੇ ਸੋਮਵਾਰ ਸ਼ਾਮੀਂ ਆਂਡੇ ਸੁੱਟੇ ਗਏ। ਘੋਸ਼ ਤ੍ਰਿਣਮੂਲ ਮੁਖੀ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਰੁਕੇ ਸਨ। ਆਂਡੇ ਸੁੱਟਣ ਵਾਲੇ ਵਿਅਕਤੀ, ਜਿਸ ਦੀ ਪਛਾਣ ਚੰਦਨ ਵਜੋਂ ਹੋਈ ਹੈ, ਨੇ ਆਪਣੀ ਇਸ ਕਾਰਵਾਈ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਘੋਸ਼ ਨੇ ਕਥਿਤ ਅੱਤ ਕਰ ਦਿੱਤੀ ਸੀ। ਘੋਸ਼ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ‘ਗੁੰਡਾਗਰਦੀ ਦੀ ਗਿਣੀ ਮਿੱਥੀ ਕਾਰਵਾਈ’ ਦੱਸਿਆ ਹੈ। ਉਨ੍ਹਾਂ ਮੌਕੇ ’ਤੇ ਮੌਜੂਦਾ ਪੁਲੀਸ ਅਮਲੇ ਦੀ ਭੂਮਿਕਾ ਬਾਰੇ ਵੀ ਸਵਾਲ ਕੀਤੇ।
ਇਸ ਦੌਰਾਨ ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਬਾਗ਼ੀ ਧੜੇ ਦੀ ਆਗੂ ਕਾਕੋਲੀ ਘੋਸ਼ ਦਸਤੀਦਾਰ ਨੇ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਫ਼ਾਦਾਰ ਕਲਿਆਣ ਬੈਨਰਜੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਦਸਤੀਦਾਰ ਨੇ ਬਰਖਾਸਤਗੀ ਲਈ ਕਲਿਆਣ ਬੈਨਰਜੀ ਵੱਲੋਂ ਹੇਠਲੇ ਸਦਨ ਵਿੱਚ ‘‘ਵਾਰ-ਵਾਰ ਜ਼ੁਬਾਨੀ ਗਾਲ੍ਹਾਂ, ਔਰਤਾਂ ਪ੍ਰਤੀ ਨਫ਼ਰਤ ਭਰੀਆਂ ਟਿੱਪਣੀਆਂ ਅਤੇ ਦੁਰਵਿਹਾਰ’ ਨੂੰ ਅਧਾਰ ਬਣਾਇਆ ਹੈ। ਘੋਸ਼ ਦਸਤੀਦਾਰ ਵੱਲੋਂ ਲਿਖਿਆ ਪੱਤਰ ਸ੍ਰੀਰਾਮਪੁਰ ਤੋਂ ਸੰਸਦ ਮੈਂਬਰ ਖਿਲਾਫ਼ 28 ਮਈ ਨੂੰ ਦਿੱਤੀ ਸ਼ਿਕਾਇਤ ਦਾ ਹੀ ਫਾਲੋਅੱਪ ਸੀ। ਪੱਤਰ ਵਿੱਚ ਸਪੀਕਰ ਦੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਗਿਆ, ‘‘ਸ੍ਰੀ ਕਲਿਆਣ ਬੈਨਰਜੀ ਨੇ ਸਦਨ ਦੀ ਕਾਰਵਾਈ ਦੌਰਾਨ ਕਈ ਮੌਕਿਆਂ ਉੱਤੇ ਮੇਰੇ ਅਤੇ ਹੋਰਨਾਂ ਮਹਿਲਾ ਮੈਂਬਰਾਂ ਖਿਲਾਫ਼ ਇਤਰਾਜ਼ਯੋਗ, ਨਿਰਾਦਰਯੋਗ ਤੇ ਗੈਰਵਾਜਬ ਭਾਸ਼ਾ ਵਰਤੀ ਹੈ। ਅਜਿਹਾ ਵਿਵਹਾਰ ਸੰਸਦ ਮੈਂਬਰ ਲਈ ਗੈਰਵਾਜਬ ਹੈ ਅਤੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਮੀਦ ਕੀਤੀ ਜਾਂਦੀ ਸੰਸਦੀ ਬਹਿਸ ਦੀ ਸ਼ਾਨ, ਮਰਿਆਦਾ ਅਤੇ ਮਿਆਰਾਂ ਨੂੰ ਕਮਜ਼ੋਰ ਕਰਦਾ ਹੈ।’’ ਘੋਸ਼ ਦਸਤੀਦਾਰ ਨੇ ਦਾਅਵਾ ਕੀਤਾ ਕਿ ਬੈਨਰਜੀ ਦਾ ‘ਇਤਰਾਜ਼ਯੋਗ ਵਿਹਾਰ’ ਕੋਈ ਇਕਹਿਰੀ ਘਟਨਾ’ ਨਹੀਂ ਬਲਕਿ ‘ਵਾਰ ਵਾਰ ਦੁਹਰਾਏ ਜਾਣ ਵਾਲਾ ਵਿਵਹਾਰ’ ਹੈ।

