
ਜਲੰਧਰ (ਮਨੀਸ਼ ਰਿਹਾਨ) ਪੰਜਾਬ ਸਰਕਾਰ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੇ ਗਏ ਬਦਲਾਅ ਅਨੁਸਾਰ ਹੁਣ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰ ਦਿੱਤਾ ਗਿਆ ਹੈ।
ਇਸ ਨਵੇਂ ਸਮੇਂ ਦੀ ਪੂਰੀ ਪਾਲਣਾ ਕਰਦੇ ਹੋਏ ਜਲੰਧਰ ਦੇ ਸਬ ਰਜਿਸਟਰਾਰ-1 ਗੁਰਪ੍ਰੀਤ ਸਿੰਘ ਅਤੇ ਸਬ ਰਜਿਸਟਰਾਰ-2 ਰਵਨੀਤ ਕੌਰ, ਅੱਜ ਸਵੇਰੇ ਠੀਕ 7:30 ਵਜੇ ਦਫ਼ਤਰ ਪਹੁੰਚੇ। ਦੋਵੇਂ ਅਧਿਕਾਰੀਆਂ ਨੇ ਸਮੇਂ ਸਿਰ ਦਫ਼ਤਰ ਖੋਲ੍ਹ ਕੇ ਸਰਕਾਰੀ ਕੰਮਕਾਜ ਦੀ ਸ਼ੁਰੂਆਤ ਕਰਵਾਈ ਅਤੇ ਆਮ ਲੋਕਾਂ ਦੇ ਕੰਮ ਬਿਨਾਂ ਕਿਸੇ ਦੇਰੀ ਤੋਂ ਨਿਪਟਾਏ ਗਏ।
ਦਫ਼ਤਰ ਵਿੱਚ ਸਵੇਰੇ ਤੋਂ ਹੀ ਲੋਕਾਂ ਦੀ ਆਵਾਜਾਈ ਦੇਖਣ ਨੂੰ ਮਿਲੀ ਅਤੇ ਜ਼ਮੀਨਾਂ ਦੀ ਰਜਿਸਟਰੀ, ਦਸਤਾਵੇਜ਼ੀ ਕਾਰਵਾਈ ਅਤੇ ਹੋਰ ਕੰਮ ਸਮੇਂ ਸਿਰ ਕੀਤੇ ਗਏ। ਦਫ਼ਤਰੀ ਸਟਾਫ਼ ਵੀ ਨਵੇਂ ਸਮੇਂ ਅਨੁਸਾਰ ਸਮੇਂ ‘ਤੇ ਹਾਜ਼ਰ ਰਿਹਾ।
ਅਧਿਕਾਰੀਆਂ ਵੱਲੋਂ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਨਵੇਂ ਦਫ਼ਤਰੀ ਸਮੇਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚ ਸਕਣ।
ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਅਤੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਸਵੇਰੇ ਦੇ ਠੰਢੇ ਮੌਸਮ ਵਿੱਚ ਸਰਕਾਰੀ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ।
