Bangladesh vs Pakistan: ਬੰਗਲਾਦੇਸ਼ ਨੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਜਿੱਤੀ

Bangladesh vs Pakistan: ਬੰਗਲਾਦੇਸ਼ ਨੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਜਿੱਤੀ

ਸਿਲਹਟ: ਬੰਗਲਾਦੇਸ਼ ਨੇ ਅੱਜ ਇੱਥੇ ਲੜੀ ਦੇ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਦਿਨ ਪਾਕਿਸਤਾਨ ਖ਼ਿਲਾਫ਼ 78 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਦੋ ਮੈਚਾਂ ਦੀ ਟੈਸਟ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਖੱਬੂ ਸਪਿੰਨਰ ਤੈਜੁਲ ਇਸਲਾਮ ਦੀਆਂ ਛੇ ਵਿਕਟਾਂ ਸਦਕਾ ਬੰਗਲਾਦੇਸ਼ ਨੇ 437 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰ ਰਹੀ ਪਾਕਿਸਤਾਨੀ ਟੀਮ ਨੂੰ 358 ਦੌੜਾਂ ’ਤੇ ਹੀ ਢੇਰ ਕਰ ਦਿੱਤਾ।

ਪੰਜਵੇਂ ਦਿਨ ਪਾਕਿਸਤਾਨ ਨੇ ਸੱਤ ਵਿਕਟਾਂ ਦੇ ਨੁਕਸਾਨ ’ਤੇ 316 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੇ ਪਹਿਲਾਂ 42 ਦੌੜਾਂ ਦਾ ਵਾਧਾ ਕੀਤਾ, ਪਰ ਅਗਲੀਆਂ 13 ਗੇਂਦਾਂ ਦੇ ਅੰਦਰ ਹੀ ਆਖ਼ਰੀ ਤਿੰਨ ਵਿਕਟਾਂ ਗੁਆ ਦਿੱਤੀਆਂ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ 94 ਦੌੜਾਂ ਦੀ ਪਾਰੀ ਖੇਡੀ ਅਤੇ ਸਾਜਿਦ ਖ਼ਾਨ ਨਾਲ 54 ਦੌੜਾਂ ਦੀ ਭਾਈਵਾਲੀ ਕਰ ਕੇ ਮੈਚ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਤੈਜੁਲ ਇਸਲਾਮ ਨੇ ਸਾਜਿਦ ਖ਼ਾਨ ਨੂੰ 28 ਦੌੜਾਂ ’ਤੇ ਆਊਟ ਕਰ ਕੇ ਇਹ ਭਾਈਵਾਲੀ ਤੋੜ ਦਿੱਤੀ। ਇਸ ਤੋਂ ਤੁਰੰਤ ਬਾਅਦ ਰਿਜ਼ਵਾਨ ਵੀ ਸ਼ਰੀਫੁਲ ਇਸਲਾਮ ਦੀ ਗੇਂਦ ’ਤੇ ਕੈਚ ਦੇ ਬੈਠਾ।

ਪਾਕਿਸਤਾਨੀ ਕਪਤਾਨ ਸ਼ਾਨ ਮਸੂਦ ਨੇ ਹਾਰ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਮੰਨਿਆ ਕਿ ਮੈਚ ਦੇ ਪਹਿਲੇ ਤਿੰਨ ਦਿਨਾਂ ਕੀਤੀਆਂ ਗ਼ਲਤੀਆਂ ਕਾਰਨ ਚੌਥੇ ਅਤੇ ਪੰਜਵੇਂ ਦਿਨ ਦੀ ਮਿਹਨਤ ਬੇਕਾਰ ਗਈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 278 ਦੌੜਾਂ ਬਣਾ ਕੇ ਪਾਕਿਸਤਾਨ ਨੂੰ 232 ਦੌੜਾਂ ’ਤੇ ਰੋਕ ਦਿੱਤਾ ਅਤੇ 46 ਦੌੜਾਂ ਦੀ ਲੀਡ ਲਈ ਸੀ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਦੂਜੀ ਪਾਰੀ ਵਿੱਚ 390 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਲਈ 437 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ 358 ਦੌੜਾਂ ’ਤੇ ਢੇਰ ਹੋ ਗਈ।

Share: