ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੀ ਬਾਰ੍ਹਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਜਿਸ ਦੌਰਾਨ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਪੋਰਟਲ ’ਤੇ ਲੌਗਇਨ ਕਰਨ ਦੀ ਸਮੱਸਿਆ ਆਈ। ਇਸ ਸਬੰਧੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਅਤੇ ਸੀ ਬੀ ਐੱਸ ਈ ਪੋਰਟਲ ’ਤੇ ਤਕਨੀਕੀ ਖ਼ਰਾਬੀ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਦੂਜੇ ਪਾਸੇ ਬੋਰਡ ਨੇ ਦਾਅਵਾ ਕੀਤਾ ਹੈ ਕਿ ਇਹ ਸਿਸਟਮ ਬਿਲਕੁਲ ਠੀਕ ਕੰਮ ਕਰ ਰਿਹਾ ਹੈ।
ਤਕਨੀਕੀ ਖ਼ਰਾਬੀ ਕਾਰਨ ਹੁਣ ਬਾਰ੍ਹਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕਾਪੀਆਂ ਹਾਸਲ ਕਰਨ ਦੀ ਆਖ਼ਰੀ ਤਰੀਕ 22 ਮਈ ਤੋਂ ਵਧਾ ਕੇ 23 ਮਈ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੁਨਰ ਮੁਲਾਂਕਣ ਦੀ ਪ੍ਰਕਿਰਿਆ ਦੌਰਾਨ ਸਕੈਨਡ ਉੱਤਰ ਪੱਤਰੀਆਂ 19 ਤੋਂ 22 ਮਈ ਦਰਮਿਆਨ ਮਿਲਣੀਆਂ ਸਨ; ਹਾਲਾਂਕਿ ਅੱਜ ਵਿਦਿਆਰਥੀ ਲੌਗਇਨ ਨਾ ਕਰ ਸਕੇ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪੋਸਟਾਂ ਪਾ ਕੇ ਕਿਹਾ ਕਿ ਸੀ ਬੀ ਐੱਸ ਈ ਦਾ ਪੋਰਟਲ ਕ੍ਰੈਸ਼ ਹੋ ਗਿਆ ਹੈ। ਕਈਆਂ ਨੇ ਕਿਹਾ ਕਿ ਲੌਗਇਨ ਵਿੰਡੋ ਸਹੀ ਤਰੀਕੇ ਨਾਲ ਖੁੱਲ੍ਹ ਹੀ ਨਹੀਂ ਰਹੀ।
ਜ਼ਿਕਰਯੋਗ ਹੈ ਕਿ ਸੀ ਬੀ ਐੱਸ ਈ ਨੇ ਉੱਤਰ-ਪੱਤਰੀਆਂ ਦੀਆਂ ਸਕੈਨਡ ਕਾਪੀਆਂ ਹਾਸਲ ਕਰਨ ਲਈ 22 ਮਈ ਤੱਕ ਦਾ ਸਮਾਂ ਦਿੱਤਾ ਸੀ। ਸੀ ਬੀ ਐੱਸ ਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਸਵੇਰ ਵੇਲੇ ਕੁਝ ਸਮੱਸਿਆ ਆਈ ਸੀ ਤੇ ਹੁਣ ਇਹ ਪੋਰਟਲ ਬਿਲਕੁਲ ਠੀਕ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਨੇ ਆਪ ਵੀ ਫਾਰਮ ਭਰ ਕੇ ਦੇਖਿਆ ਹੈ ਤੇ ਇਹ ਠੀਕ ਕਰ ਕੰਮ ਰਿਹਾ ਹੈ।

