Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ 90 ਪੈਸੇ ਫ਼ੀ ਲਿਟਰ ਵਧ ਗਈਆਂ। ਪਿਛਲੇ ਹਫ਼ਤੇ ਦੌਰਾਨ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਫ਼ੀ ਲਿਟਰ ਦਾ ਇਜ਼ਾਫ਼ਾ ਕੀਤਾ ਗਿਆ ਸੀ। ਇੰਡਸਟਰੀ ਵਿਚਲੇ ਸੂਤਰਾਂ ਮੁਤਾਬਕ ਇਸ ਨਵੇਂ ਵਾਧੇ ਨਾਲ ਨਵੀਂ ਦਿੱਲੀ ਵਿੱਚ ਪੈਟਰੋਲ ਦਾ ਭਾਅ 97.77 ਰੁਪਏ ਤੋਂ ਵਧ ਕੇ 98.64 ਰੁਪਏ ਫ਼ੀ ਲਿਟਰ ਨੂੰ, ਜਦੋਂਕਿ ਡੀਜ਼ਲ ਦਾ ਰੇਟ 90.67 ਰੁਪਏ ਤੋਂ 91.58 ਰੁਪਏ ਫ਼ੀ ਲਿਟਰ ਨੂੰ ਪਹੁੰਚ ਗਿਆ। ਫਰਵਰੀ ਦੇ ਅਖ਼ੀਰ ਵਿੱਚ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਤੇ ਜਵਾਬੀ ਕਾਰਵਾਈ ’ਚ ਤਹਿਰਾਨ ਵੱਲੋਂ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਬੰਦ ਕੀਤੇ ਜਾਣ ਕਰ ਕੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇ 50 ਫ਼ੀਸਦ ਤੋਂ ਵੱਧ ਦੀ ਸ਼ੂਟ ਵੱਟੀ ਹੈ। ਤੇਲ ਕੰਪਨੀਆਂ ਨੂੰ ਪੈ ਰਹੇ ਘਾਟੇ ਨੂੰ ਪੂਰਾ ਕਰਨ ਲਈ ਆਉਂਦੇ ਦਿਨਾਂ ’ਚ ਪੈਟਰੋਲ-ਡੀਜ਼ਲ ਦਾ ਭਾਅ ਹੋਰ ਵਧਣ ਦੇ ਆਸਾਰ ਹਨ।ਤੇਲ ਕੀਮਤਾਂ ’ਚ ਵਾਧੇ ਦੇ ਬਾਵਜੂਦ ਈਂਧਣ ਰਿਟੇਲਰਾਂ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਪੈਟਰੋਲੀਅਮ ਮੰਤਰਾਲੇ ’ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ 15 ਮਈ ਦੇ ਵਾਧੇ ਨਾਲ ਚੌਥਾ ਹਿੱਸਾ ਘਾਟਾ ਹੀ ਪੂਰਾ ਹੋਇਆ ਹੈ, ਪਰ ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਨੂੰ ਅਜੇ ਵੀ ਰੋਜ਼ਾਨਾ ਕਰੀਬ 750 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਕ੍ਰਾਈਸਿਲ ਮੁਤਾਬਕ ਸ਼ੁੱਕਰਵਾਰ ਨੂੰ ਕੀਤੇ ਵਾਧੇ ਦੇ ਬਾਵਜੂਦ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ ਉੱਤੇ 10 ਰੁਪਈ ਫ਼ੀ ਲਿਟਰ ਤੇ ਡੀਜ਼ਲ ਉੱਤੇ 13 ਰੁਪਏ ਫ਼ੀ ਲਿਟਰ ਦਾ ਘਾਟਾ ਪੈ ਰਿਹਾ ਹੈ। ਮਈ 2022 ਮਗਰੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ਉੱਤੇ ਹਨ। ਅਪਰੈਲ 2022 ਤੋਂ ਤੇਲ ਕੀਮਤਾਂ ਸਥਿਰ ਸਨ, ਤੇ ਮਾਰਚ 2024 ਵਿੱਚ ਆਮ ਚੋਣਾਂ ਤੋਂ ਪਹਿਲਾਂ 2 ਰੁਪਏ ਫ਼ੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਸਥਾਨਕ ਟੈਕਸਾਂ ਕਰ ਕੇ ਵੱਖ-ਵੱਖ ਰਾਜਾਂ ਵਿੱਚ ਕੀਮਤਾਂ ਅੱਡੋ-ਅੱਡ ਹੋ ਸਕਦੀਆਂ ਹਨ।

ਪਿਛਲੇ ਇਕ ਹਫ਼ਤੇ ’ਚ ਕੰਪਰੈੱਸਡ ਨੈਚੁਰਲ ਗੈਸ (ਸੀ ਐੱਨ ਜੀ) ਦੀ ਕੀਮਤ ਵੀ ਉਪਰੋਥਲ਼ੀ ਦੋ ਵਾਰ ਵਧੀ ਹੈ। ਪਹਿਲਾਂ 15 ਮਈ ਨੂੰ 2 ਰੁਪਏ ਫ਼ੀ ਕਿਲੋ ਤੇ ਫਿਰ 17 ਮਈ ਨੂੰ 1 ਰੁਪਏ ਫ਼ੀ ਕਿਲੋ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਵੱਡਾ ਆਰਥਿਕ ਤੂਫ਼ਾਨ ਆਉਣ ਵਾਲਾ ਹੈ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ‘ਵੱਡਾ ਆਰਥਿਕ ਤੂਫ਼ਾਨ ਆਉਣ ਵਾਲਾ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਜਿਹੜਾ ਅਸੀਂ ਕਦੇ ਆਪਣੀ ਜ਼ਿੰਦਗੀ ’ਚ ਨਹੀਂ ਦੇਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਵਿਦੇਸ਼ ਨਾ ਜਾਣ ਦੀਆਂ ਅਪੀਲਾਂ ਕਰ ਰਹੇ ਹਨ, ਪਰ ਖ਼ੁਦ ਕਈ ਮੁਲਕਾਂ ਦੇ ਦੌਰੇ ’ਤੇ ਹਨ’। ਉੱਧਰ, ਕਾਂਗਰਸ ਨੇ ਕਿਹਾ ਕਿ ‘ਅਭੀ ਤੋਂ ਯੇਹ ਅੰਗੜਾਈ ਹੈ, ਆਗੇ ਔਰ ਮਹਿੰਗਾਈ ਹੈ।’ ਪਾਰਟੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਊਰਜਾ ਪ੍ਰਭੂਸੱਤਾ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਪਾਰਟੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਬਾਰੇ ਸਪਸ਼ਟ ਕਾਰਜ ਯੋਜਨਾ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਆਰਥਿਕ ਮੋਰਚੇ ’ਤੇ ਨਾਕਾਮ ਰਹੀ ਹੈ।

ਕੁੱਲ ਆਲਮ ਦੇ ਮੁਕਾਬਲੇ ਸਭ ਤੋਂ ਨਿਗੂਣਾ ਵਾਧਾ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਪੈਟਰੋਲ ਤੇ ਡੀਜ਼ਲ ’ਚ 90 ਪੈਸੇ ਫ਼ੀ ਲਿਟਰ ਦੇ ਵਾਧੇ ਦਾ ਬਚਾਅ ਕਰਦਿਆਂ ਕਿਹਾ ਕਿ ਖਾੜੀ ਮੁਲਕਾਂ ਦੇ ਅਰਥਚਾਰਿਆਂ ਨੂੰ ਜੇ ਛੱਡ ਦੇਈਏ ਤਾਂ ਕੁੱਲ ਆਲਮ ਦੇ ਮੁਕਾਬਲੇ ਇਹ ਵਾਧਾ ਸਭ ਤੋਂ ਨਿਗੂਣਾ ਹੈ। ਭਾਜਪਾ ਦੇ ਆਈ ਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕੁੱਲ ਆਲਮ ਦੇ ਖ਼ਪਤਕਾਰਾਂ ਨੂੰ ਵਧਦੀਆਂ ਤੇਲ ਕੀਮਤਾਂ ਦੇ ਰੂਪ ਵਿੱਚ ਪੱਛਮੀ ਸੰਕਟ ਦੀ ਮਾਰ ਝੱਲਣੀ ਪੈ ਰਹੀ ਹੈ। ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹਨ। 90 ਪੈਸੇ ਫ਼ੀ ਲਿਟਰ ਦੇ ਹਾਲੀਆ ਵਾਧੇ ਦੇ ਬਾਵਜੂਦ ਭਾਰਤ ’ਚ ਤੇਲ ਕੀਮਤਾਂ ਸਿਰਫ਼ 4 ਫ਼ੀਸਦ ਦੇ ਕਰੀਬ ਵਧੀਆਂ ਹਨ, ਜੋ ਕੁਲ ਆਲਮ ਵਿੱਚ ਸਭ ਤੋਂ ਮਾਮੂਲੀ ਵਾਧਾ ਹੈ।

Share: