ਜੈਪੁਰ/ਮੁੰਬਈ : ਨੀਟ-ਯੂ ਜੀ 2026 ਪੇਪਰ ਲੀਕ ਕੇਸ ਦਾ ਪਰਦਾਫਾਸ਼ ਕਰਨ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸ਼ਸ਼ੀਕਾਂਤ ਸੁਥਾਰ ਨੇ ਅੱਜ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ‘ਉਨ੍ਹਾਂ ਕੋਲ ਠੋਸ ਸਬੂਤ ਸਨ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਖਿਆ ਵਿੱਚ ਆਏ ਕਈ ਸਵਾਲ ਟੈਸਟ ਤੋਂ ਪਹਿਲਾਂ ਵੰਡੀ ਗਈ ਪੀ ਡੀ ਐੱਫ ਨਾਲ ਮੇਲ ਖਾਂਦੇ ਸਨ। ਇਸੇ ਕਾਰਨ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੂੰ ਕੇਸ ਦੀ ਜਾਂਚ ਸੀ ਬੀ ਆਈ ਅਤੇ ਰਾਜਸਥਾਨ ਦੇ ਵਿਸ਼ੇਸ਼ ਅਪਰੇਸ਼ਨ ਗਰੁੱਪ ਨੂੰ ਸੌਂਪਣੀ ਪਈ।
ਸ਼ਸ਼ੀਕਾਂਤ ਨੇ ਦੱਸਿਆ ਕਿ ਜਦ 3 ਮਈ ਨੂੰ ਨੀਟ-ਯੂ ਜੀ ਦਾ ਪੇਪਰ ਹੋਇਆ ਤਾਂ ਉਹ ਇਸ ਦਾ ਮੁਲਾਂਕਣ ਕਰਦਿਆਂ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰ ਰਹੇ ਸਨ। ਇਸੇ ਦੌਰਾਨ ਇਕ ਸਾਥੀ ਨੇ ਉਨ੍ਹਾਂ ਨੂੰ ਕੈਮਿਸਟਰੀ ਦੇ ਪ੍ਰਸ਼ਨਾਂ ਵਾਲੀ ਪੀ ਡੀ ਐੱਫ ਦਿਖਾਈ। ਜਦ ਪੀ ਡੀ ਐੱਫ ਵਿਚਲੇ 45 ਸਵਾਲਾਂ ਨੂੰ ਨੀਟ-ਯੂ ਜੀ ਦੇ ਪੇਪਰ ਨਾਲ ਮੇਲ ਕੇ ਦੇਖਿਆ ਤਾਂ ਸਾਰੇ ਹੈਰਾਨ ਹੋ ਗਏ ਕਿਉਂਕਿ ਸਾਰੇ ਸਵਾਲ ਮੇਲ ਖਾ ਰਹੇ ਸਨ। ਉਸ ਨੇ ਅੱਗੇ ਦੱਸਿਆ ਕਿ ਇਕ ਹੋਰ ਪੀ ਡੀ ਐੱਫ ਜਿਸ ਵਿੱਚ ਬਾਇਓਲੌਜੀ ਦੇ ਸਵਾਲ ਸਨ, ਨੂੰ ਵੀ ਇਕ ਸਾਥੀ ਅਧਿਆਪਕ ਦੀ ਮਦਦ ਨਾਲ ਮੇਲ ਕੇ ਦੇਖਿਆ ਗਿਆ। ਉਹ ਵੀ ਸਾਰੇ ਇਕੋ-ਜਿਹੇ ਨਿਕਲੇ। ਸ਼ਸ਼ੀਕਾਂਤ ਨੇ ਦੱਸਿਆ ਕਿ ਉਨ੍ਹਾਂ ਵੇਰਵਿਆਂ ਦੇ ਨਾਲ ਐੱਨ ਟੀ ਏ ਕੋਲ ਪਹੁੰਚ ਕੀਤੀ, ਤੇ ਉਨ੍ਹਾਂ ਉਸੇ ਵੇਲੇ ਕਦਮ ਚੁੱਕੇ। ਸੀ ਬੀ ਆਈ ਤੇ ਸਪੈਸ਼ਲ ਅਪਰੇਸ਼ਨ ਗਰੁੱਪ ਨੂੰ ਨਾਲ ਲਿਆ ਗਿਆ।
ਉਸ ਨੇ ਹੋਰ ਕਿਹਾ ਕਿ ਇਨ੍ਹਾਂ ‘ਠੋਸ ਸਬੂਤਾਂ’ ਦੇ ਆਧਾਰ ਉਤੇ ਹੀ ਸਰਕਾਰ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਲੈਣਾ ਪਿਆ। ਇਸ ਮਾਮਲੇ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਸ਼ਸ਼ੀਕਾਂਤ ਨੇ ਕਿਹਾ ਕਿ ਘਟਨਾ ਨੇ ਉਨ੍ਹਾਂ ਵਿਦਿਆਰਥੀਆਂ ’ਤੇ ਬੁਰਾ ਅਸਰ ਪਾਇਆ ਹੈ ਜਿਹੜੇ ਪ੍ਰੀਖਿਆ ਦੀ ਬਹੁਤ ਲਗਨ ਨਾਲ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਅੱਜ ਮਹਾਰਾਸ਼ਟਰ ਦੇ ਮੰਤਰੀ ਤੇ ਸ਼ਿਵ ਸੈਨਾ ਦੇ ਆਗੂ ਸੰਜੇ ਸ਼ਿਰਸਟ ਨੇ ਕਿਹਾ ਕਿ ਨੀਟ ਪੇਪਰ ਲੀਕ ਵਿੱਚ ਸ਼ਾਮਲ ਮੁਲਜ਼ਮਾਂ ਦੇ ਕੋਚਿੰਗ ਸੈਂਟਰਾਂ ਦੀਆਂ ਇਮਾਰਤਾਂ ਢਾਹ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ ਇਸ ਮਾਮਲੇ ਵਿੱਚ ਸ਼ਿਵਰਾਜ ਰਘੂਨਾਥ ਮੋਟੇਗਾਓਂਕਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਲਾਤੂਰ ਵਿੱਚ ਕੋਚਿੰਗ ਸੈਂਟਰ ਚਲਾਉਂਦਾ ਹੈ। ਹੁਣ ਤੱਕ ਇਸ ਕੇਸ ਵਿੱਚ 10 ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ।
ਸਿੱਖਿਆ ਮੰਤਰੀ ਨੇ ਮੁੜ ਪ੍ਰੀਖਿਆ ਦੀ ਸਮੀਖਿਆ ਕੀਤੀ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੁਬਾਰਾ ਹੋਣ ਜਾ ਰਹੀ ਨੀਟ-ਯੂ ਜੀ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੀਖਿਆ ‘ਸੁਰੱਖਿਅਤ, ਸਹਿਜ ਤੇ ਭਰੋਸੇਯੋਗ’ ਤਰੀਕੇ ਨਾਲ ਕਰਵਾਈ ਜਾਵੇ। ਉਨ੍ਹਾਂ ਸਖ਼ਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਹਦਾਇਤ ਵੀ ਦਿੱਤੀ। ਮੰਤਰੀ ਨੇ ਕਿਹਾ ਕਿ ਪਿਛਲੀ ਪ੍ਰਕਿਰਿਆ ਦੀਆਂ ਕਮੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇ ਤਾਂ ਕਿ ਪ੍ਰੀਖਿਆ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਸਿਰੇ ਚੜ੍ਹਾਈ ਜਾ ਸਕੇ।

