NEET-U G 2026: ਪੇਪਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ

NEET-U G 2026: ਪੇਪਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ

ਨਵੀਂ ਦਿੱਲੀ: ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਨੇ ‘ਨੀਟ-ਯੂ ਜੀ-2026’ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਦੇ ਮੱਦੇਨਜ਼ਰ ਤਿੰਨ ਮਈ ਨੂੰ ਹੋਣ ਵਾਲੀ ਮੈਡੀਕਲ ਪ੍ਰੀਖਿਆ ਅੱਜ ਰੱਦ ਕਰਨ ਦਾ ਐਲਾਨ ਕੀਤਾ ਅਤੇ ਸਰਕਾਰ ਨੇ ਸੀ ਬੀ ਆਈ ਨੂੰ ਇਨ੍ਹਾਂ ‘ਬੇਨੇਮੀਆਂ’ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਜਿਸ ਮਗਰੋਂ ਕੇਂਦਰੀ ਏਜੰਸੀ ਨੇ ਕੇਸ ਦਰਜ ਕਰ ਲਿਆ ਹੈ।

ਕੌਮੀ ਪ੍ਰੀਖਿਆ ਏਜੰਸੀ ਨੇ ਐਕਸ ’ਤੇ ਜਾਰੀ ਬਿਆਨ ’ਚ ਕਿਹਾ ਕਿ ਇਹ ਫ਼ੈਸਲਾ ਪਾਰਦਰਸ਼ਤਾ ਬਣਾਈ ਰੱਖਣ ਅਤੇ ਕੌਮੀ ਪ੍ਰੀਖਿਆ ਪ੍ਰਣਾਲੀ ’ਚ ਭਰੋਸਾ ਬਰਕਰਾਰ ਰੱਖਣ ਲਈ ਲਿਆ ਗਿਆ ਹੈ। ਉਸ ਨੇ ਕਿਹਾ, ‘‘ਕੇਂਦਰੀ ਏਜੰਸੀਆਂ ਨਾਲ ਮਿਲ ਕੇ ਐੱਨ ਟੀ ਏ ਵੱਲੋਂ ਤੱਥਾਂ ਦੀ ਪਰਖ ਕੀਤੇ ਜਾਣ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਸਾਂਝੀ ਕੀਤੀ ਗਈ ਜਾਂਚ ਸਬੰਧੀ ਜਾਣਕਾਰੀ ਦੇ ਆਧਾਰ ’ਤੇ ਕੌਮੀ ਪ੍ਰੀਖਿਆ ਏਜੰਸੀ ਨੇ ਤਿੰਨ ਮਈ 2026 ਨੂੰ ਲਈ ਜਾਣ ਵਾਲੀ ਨੀਟ (ਯੂ ਜੀ) 2026 ਪ੍ਰੀਖਿਆ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਰੱਦ ਕਰਨ ਅਤੇ ਪ੍ਰੀਖਿਆ ਵੱਖਰੇ ਤੌਰ ’ਤੇ ਨੋਟੀਫਾਈ ਤਰੀਕਾਂ ’ਤੇ ਮੁੜ ਲੈਣ ਦਾ ਫ਼ੈਸਲਾ ਲਿਆ ਗਿਆ ਹੈ।’’ ਏਜੰਸੀ ਨੇ ਕਿਹਾ ਕਿ ਪ੍ਰਾਪਤ ਸੂਚਨਾਵਾਂ ਅਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਸਾਂਝੇ ਕੀਤੇ ਗਏ ਨਤੀਜਿਆਂ ਦੇ ਆਧਾਰ ’ਤੇ ਇਹ ਸਾਫ਼ ਹੋ ਗਿਆ ਹੈ ਕਿ ਮੌਜੂਦਾ ਸਮੇਂ ਪ੍ਰੀਖਿਆ ਪ੍ਰਕਿਰਿਆ ਨੂੰ ਜਾਰੀ ਰੱਖਣਾ ਸਹੀ ਨਹੀਂ ਹੈ। ਦੁਬਾਰਾ ਲਈ ਜਾਣ ਵਾਲੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਉਨ੍ਹਾਂ ਲਈ ਜਾਰੀ ਕੀਤੇ ਜਾਣ ਵਾਲੇ ਦਾਖ਼ਲਾ ਪੱਤਰਾਂ ਦੀ ਸਮਾਂ ਸਾਰਨੀ ਅਗਲੇ ਕੁਝ ਦਿਨਾਂ ਅੰਦਰ ਨੋਟੀਫਾਈ ਕੀਤੀ ਜਾਵੇਗੀ। ਐੱਨ ਟੀ ਏ ਕਿਹਾ ਕਿ ਸਰਕਾਰ ਨੇ ਪ੍ਰੀਖਿਆ ਨਾਲ ਜੁੜੇ ਦੋਸ਼ਾਂ ਦੀ ਵੱਡੇ ਪੱਧਰ ’ਤੇ ਜਾਂਚ ਲਈ ਮਾਮਲਾ ਸੀ ਬੀ ਆਈ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਹੈ। ਸੀ ਬੀ ਆਈ ਨੂੰ ਐੱਨ ਟੀ ਏ ਪੂਰਾ ਸਹਿਯੋਗ ਦੇਵੇਗੀ ਅਤੇ ਜਾਂਚ ਲਈ ਲੋੜੀਂਦੀ ਸਾਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਮੁਹੱਈਆ ਕਰੇਗੀ। ਏਜੰਸੀ ਨੇ ਕਿਹਾ ਕਿ ਮਈ 2026 ਦੇ ਸੈਸ਼ਨ ’ਚ ਰਜਿਸਟਰਡ ਉਮੀਦਵਾਰਾਂ ਦੀ ਜਾਣਕਾਰੀ ਅਤੇ ਚੁਣੇ ਗਏ ਪ੍ਰੀਖਿਆ ਕੇਂਦਰਾਂ ਨੂੰ ਦੁਬਾਰਾ ਲਈ ਜਾਣ ਵਾਲੀ ਪ੍ਰੀਖਿਆ ’ਚ ਸ਼ਾਮਲ ਕੀਤਾ ਜਾਵੇਗਾ। ਨਵੀਂ ਰਜਿਸਟਰੇਸ਼ਨ ਦੀ ਲੋੜ ਨਹੀਂ ਹੋਵੇਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਵੇਗੀ।

ਉੱਧਰ, ਸੀ ਬੀ ਆਈ ਨੇ ਇਸ ਮਾਮਲੇ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਤੋਂ ਨਿਰਦੇਸ਼ ਮਿਲਣ ਮਗਰੋਂ ਸੀ ਬੀ ਆਈ ਨੇ ਤੁਰੰਤ ਕਾਰਵਾਈ ਕਰਦਿਆਂ ਅਪਰਾਧਿਕ ਸਾਜ਼ਿਸ਼, ਧੋਖਾਧੜੀ ਤੇ ਹੋਰ ਅਪਰਾਧਾਂ ਤਹਿਤ ਕੇਸ ਦਰਜ ਕੀਤਾ ਹੈ।

ਮੁੜ ਪ੍ਰੀਖਿਆ ਦਾ ਪ੍ਰੋਗਰਾਮ 7 ਤੋਂ 10 ਦਿਨਾਂ ਵਿੱਚ

ਨਵੀਂ ਦਿੱਲੀ: ਨੀਟ-ਯੂ ਜੀ 2026 ਪ੍ਰੀਖਿਆ ਰੱਦ ਕਰਨ ਦੀ ਜ਼ਿੰਮੇਵਾਰੀ ਲੈਂਦਿਆਂ ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਦੇ ਡਾਇਰੈਕਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਮੁੜ ਪ੍ਰੀਖਿਆ ਦਾ ਪ੍ਰੋਗਰਾਮ ਅਗਲੇ ਸੱਤ ਤੋਂ ਦਸ ਦਿਨਾਂ ਅੰਦਰ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘‘ਮੁੜ ਪ੍ਰੀਖਿਆ ਦੀ ਤਰੀਕ ਲਈ ਮੈਂ ਆਪਣੀ ਟੀਮ ਨਾਲ ਮੀਟਿੰਗ ਕਰਾਂਗਾ ਅਤੇ ਅਗਲੇ ਕੁਝ ਦਿਨਾਂ ’ਚ ਪ੍ਰੀਖਿਆ ਦਾ ਪੂਰਾ ਪ੍ਰੋਗਰਾਮ ਅਤੇ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਪ੍ਰੀਖਿਆ ਘੱਟ ਤੋਂ ਘੱਟ ਸਮੇਂ ਅੰਦਰ ਲਈ ਜਾਵੇ ਤਾਂ ਕਿ ਮੈਡੀਕਲ ਕਾਲਜਾਂ ਦੇ ਵਿੱਦਿਅਕ ਕੈਲੇਂਡਰ ਅਤੇ ਦਾਖ਼ਲਾ ਪ੍ਰੋਗਰਾਮ ’ਚ ਕੋਈ ਅੜਿੱਕਾ ਨਾ ਪਵੇ। ਇਹ ਪ੍ਰਕਿਰਿਆ ਅਗਲੇ 7 ਤੋਂ 10 ਦਿਨਾਂ ਅੰਦਰ ਸ਼ੁਰੂ ਹੋ ਜਾਵੇਗੀ।’’

‘ਅਮ੍ਰਿਤ ਕਾਲ’ ਦੇਸ਼ ਲਈ ‘ਵਿਸ਼ ਕਾਲ’ ਬਣਿਆ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੇਨੇਮੀਆਂ ਦੇ ਦੋਸ਼ਾਂ ਕਾਰਨ ‘ਨੀਟ-ਯੂ ਜੀ-2026’ ਪ੍ਰੀਖਿਆ ਰੱਦ ਕੀਤੇ ਜਾਣ ਮਗਰੋਂ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਖੌਤੀ ‘ਅਮ੍ਰਿਤ ਕਾਲ’ ਦੇਸ਼ ਲਈ ‘ਵਿਸ਼ ਕਾਲ’ ਬਣ ਗਿਆ ਹੈ। ਉੱਧਰ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਨੂੰ ਸੜਕਾਂ ’ਤੇ ਉਤਰਨ ਦਾ ਸੱਦਾ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ‘ਭ੍ਰਿਸ਼ਟ ਭਾਜਪਾਈ ਪ੍ਰਬੰਧ’ ਨੇ 22 ਲੱਖ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਕੁਰਬਾਨੀਆਂ ਅਤੇ ਸੁਪਨਿਆਂ ਨੂੰ ਤਬਾਹ ਕਰ ਦਿੱਤਾ ਹੈ। ਸ੍ਰੀ ਗਾਂਧੀ ਨੇ ਐਕਸ ’ਤੇ ਕਿਹਾ, ‘‘ਇਹ ਸਿਰਫ਼ ਨਾਕਾਮੀ ਨਹੀਂ ਹੈ। ਇਹ ਨੌਜਵਾਨਾਂ ਦੇ ਭਵਿੱਖ ਖ਼ਿਲਾਫ਼ ਅਪਰਾਧ ਹੈ।’’ ਉਨ੍ਹਾਂ ਕਿਹਾ ਕਿ ਹਰ ਵਾਰ ਪੇਪਰ ਮਾਫੀਆ ਸਾਫ਼ ਬਚ ਨਿਕਲਦਾ ਹੈ ਅਤੇ ਇਮਾਨਦਾਰ ਵਿਦਿਆਰਥੀਆਂ ਨੂੰ ਸਜ਼ਾ ਭੁਗਤਣੀ ਪੈਂਦੀ ਹੈ। ਹੁਣ ਲੱਖਾਂ ਵਿਦਿਆਰਥੀ ਮੁੜ ਉਸੇ ਮਾਨਸਿਕ ਤਣਾਅ, ਆਰਥਿਕ ਬੋਝ ਅਤੇ ਬੇਯਕੀਨੀ ਦਾ ਸਾਹਮਣਾ ਕਰਨਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਪ੍ਰਭਾਵਿਤ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕਰਨੇ ਪੈਣਗੇ ਕਿਉਂਕਿ ਇਹ ਸਰਕਾਰ ਸਿਰਫ਼ ਸੰਘਰਸ਼ ਦੀ ਭਾਸ਼ਾ ਸਮਝਦੀ ਹੈ। ਉਨ੍ਹਾਂ ਪ੍ਰਸ਼ਨ ਪੱਤਰ ਲੀਕ ’ਚ ‘ਸਿਆਸੀ ਪਨਾਹ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨੌਂ ਸਾਲਾਂ ’ਚ ਨੀਟ ਦਾ ਪ੍ਰਸ਼ਨ ਪੱਤਰ ਚਾਰ ਵਾਰ ਲੀਕ ਹੋਇਆ ਅਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ।

Share: