ਚੰਡੀਗਡ਼੍ਹ: ਸੀ ਬੀ ਆਈ ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਮਾਮਲੇ ਵਿੱਚ ਮਲੋਟ ਦੇ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਰਿਸ਼ਵਤ ਮਾਮਲਿਆਂ ’ਚ ਕਥਿਤ ਵਿਚੋਲਗੀ ਤੇ ਦਲਾਲੀ ਕੀਤੀ ਜਾਂਦੀ ਸੀ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦਾ ਰੀਡਰ ਓ ਪੀ ਰਾਣਾ ਇਸ ਕੇਸ ’ਚ ਫ਼ਰਾਰ ਹੈ ਜਦੋਂ ਕਿ ਸੀ ਬੀ ਆਈ ਦੀ ਟੀਮ ਨੇ ਮਲੋਟ ਦੇ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੂੰ ਅੰਬਾਲਾ ਨੇੜਿਓਂ ਦੋ ਗੰਨਮੈਨਾਂ ਸਣੇ ਕਾਬੂ ਕਰ ਲਿਆ ਹੈ। ਰਾਘਵ ਗੋਇਲ ਭਾਰਤੀ ਜਨਤਾ ਯੁਵਾ ਮੋਰਚਾ ਦਾ ਆਗੂ ਹੈ। ਪੰਜਾਬ ਪੁਲੀਸ ਦੇ ਇੱਕ ਆਈ ਪੀ ਐੱਸ ਅਧਿਕਾਰੀ ਨਾਲ ਰਾਘਵ ਦੀ ਨੇੜਤਾ ਰਹੀ ਹੈ। ਜਦੋਂ ਇਸ ਅਧਿਕਾਰੀ ਦੀ ਏ ਡੀ ਜੀ ਪੀ ਵਜੋਂ ਤਰੱਕੀ ਹੋਈ ਸੀ ਤਾਂ ਰਾਘਵ ਨੇ ਬਾਕਾਇਦਾ ਸੋਸ਼ਲ ਮੀਡੀਆ ’ਤੇ ਇਹ ਖ਼ੁਸ਼ੀ ਸਾਂਝੀ ਕੀਤੀ ਸੀ।
ਸੀ ਬੀ ਆਈ ਦੀ ਟੀਮ ਨੇ ਜਦੋਂ ਚੰਡੀਗੜ੍ਹ ’ਚ ਲੰਘੀ ਰਾਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਉਸ ਵੇਲੇ ਮੌਜੂਦ ਗੰਨਮੈਨਾਂ ਵੱਲੋਂ ਚੌਕਸ ਕੀਤੇ ਜਾਣ ਮਗਰੋਂ ਵਿਕਾਸ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ ਅਤੇ ਰੀਡਰ ਓ ਪੀ ਰਾਣਾ ਫ਼ਰਾਰ ਹੋ ਗਏ ਸਨ। ਸੀ ਬੀ ਆਈ ਟੀਮ ਨੇ ਪਿੱਛਾ ਕਰ ਕੇ ਦੋ ਗੰਨਮੈਨਾਂ ਸਣੇ ਪਿਓ ਪੁੱਤਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪਰ ਰੀਡਰ ਰਾਣਾ ਫ਼ਰਾਰ ਹੋਣ ’ਚ ਸਫਲ ਰਿਹਾ। ਇਨ੍ਹਾਂ ਕਥਿਤ ਦਲਾਲਾਂ ਦੇ ਸਾਥੀ ਅੰਕਿਤ ਵਧਵਾ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਲੰਘੀ ਰਾਤ ਜਦੋਂ ਸੀ ਬੀ ਆਈ ਨੇ ਇਸ ਸਮੁੱਚੀ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਉਸੇ ਵੇਲੇ ਪੰਜਾਬ ਦੀ ਸਿਆਸਤ ’ਚ ਰਾਜਸੀ ਘਮਸਾਣ ਦਾ ਮੁੱਢ ਬੱਝ ਗਿਆ। ਸੀ ਬੀ ਆਈ ਦੀ ਟੀਮ ਨੇ ਲੰਘੀ ਰਾਤ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ’ਚ ਤਲਾਸ਼ੀ ਲਈ। ਇਹ ਤਲਾਸ਼ੀ ਮੁਹਿੰਮ ਦੇਰ ਰਾਤ ਤੱਕ ਚੱਲਦੀ ਰਹੀ। ਅੱਜ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਸ਼ਰਦ ਸੱਤਿਆ ਚੌਹਾਨ ਸਵੇਰ ਤੋਂ ਹੀ ਆਪਣੇ ਦਫ਼ਤਰ ’ਚ ਮੌਜੂਦ ਰਹੇ।
ਸੀ ਬੀ ਆਈ ਦੇ ਤਰਜਮਾਨ ਅਨੁਸਾਰ ਪੰਜਾਬ ਰਾਜ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਟੈਕਸ ਅਧਿਕਾਰੀ ਨੇ ਦੋਸ਼ ਲਾਏ ਸਨ ਕਿ ਮੁਲਜ਼ਮ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੇ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਉਸ ਵਿਰੁੱਧ ਪੈਂਡਿੰਗ ਸ਼ਿਕਾਇਤ ਦਾ ਨਿਬੇੜਾ ਕਰਵਾਉਣ ਲਈ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਟੈਕਸ ਅਧਿਕਾਰੀ ਨੇ ਦੋਸ਼ ਲਾਏ ਕਿ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦੇ ਰੀਡਰ ਓ ਪੀ ਰਾਣਾ, ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੇ ਸ਼ਿਕਾਇਤਕਰਤਾ ਕੋਲੋਂ 20 ਲੱਖ ਰੁਪਏ ਮੰਗੇ ਸੀ ਪਰ ਅਖ਼ੀਰ ਸੌਦਾ 13 ਲੱਖ ਰੁਪਏ ’ਚ ਤੈਅ ਹੋਇਆ। ਸੀ ਬੀ ਆਈ ਦੀ ਟੀਮ ਨੇ 11 ਮਈ ਨੂੰ ਮੁਲਜ਼ਮਾਂ ਦੇ ਸਾਥੀ ਅੰਕਿਤ ਵਧਵਾ ਨੂੰ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਰਿਸ਼ਵਤ ਅਤੇ ਇਕ ਮੋਬਾਈਲ ਫੋਨ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਦਾ ਪਤਾ ਲੱਗਦੇ ਹੀ ਪਿਓ-ਪਿਓ ਤੇ ਰੀਡਰ ਓ ਪੀ ਰਾਣਾ ਗੰਨਮੈਨਾਂ ਸਣੇ ਫ਼ਰਾਰ ਹੋ ਗਏ ਪਰ ਪਿਓ-ਪੁੱਤ ਨੂੰ ਕਾਬੂ ਕਰ ਲਿਆ ਗਿਆ ਜਦਕਿ ਰਾਣਾ ਨੂੰ ਫੜਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸੀ ਬੀ ਆਈ ਨੇ ਲੰਘੀ ਰਾਤ ਹੀ ਮਲੋਟ ਦੇ ਗੋਇਲ ਪਿਓ-ਪੁੱਤਰ ਅਤੇ ਰੀਡਰ ਓ ਪੀ ਰਾਣਾ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ 9 ਲੱਖ ਰੁਪਏ ਅਤੇ ਕਈ ਦਸਤਾਵੇਜ਼ ਬਰਾਮਦ ਹੋਏ ਹਨ। ਮਾਮਲੇ ’ਚ ਪ੍ਰਾਈਵੇਟ ਵਿਅਕਤੀਆਂ ਨਾਲ ਤਾਇਨਾਤ ਪੰਜਾਬ ਪੁਲੀਸ ਦੇ ਏ ਕੇ-47 ਰਾਈਫਲਾਂ ਵਾਲੇ ਗੰਨਮੈਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੀ ਬੀ ਆਈ ਜਾਂਚ ’ਚ ਪੂਰਾ ਸਹਿਯੋਗ ਕਰਾਂਗੇ: ਵਿਜੀਲੈਂਸ
ਵਿਜੀਲੈਂਸ ਬਿਊਰੋ ਪੰਜਾਬ ਨੇ ਸੀ ਬੀ ਆਈ ਦੀ ਕਾਰਵਾਈ ਮਗਰੋਂ ਅੱਜ ਆਖ਼ਰ ਚੁੱਪ ਤੋੜੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਵਿਜੀਲੈਂਸ ਬਿਊਰੋ ਦੀ ਚੁੱਪ ’ਤੇ ਸਵਾਲ ਉਠਾ ਰਹੇ ਹਨ। ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਤਰਜਮਾਨ ਨੇ ਅੱਜ ਜਾਰੀ ਸੰਖੇਪ ਬਿਆਨ ’ਚ ਕਿਹਾ, ‘‘ਸੀ ਬੀ ਆਈ ਨੇ ਇੱਕ ਵਿਅਕਤੀ ਫੜਿਆ ਹੈ ਅਤੇ ਜਾਂਚ ਜਾਰੀ ਹੈ। ਜੇ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਮ ਆਉਂਦਾ ਹੈ ਤਾਂ ਅਸੀਂ ਸੀ ਬੀ ਆਈ ਨੂੰ ਪੂਰਾ ਸਹਿਯੋਗ ਦੇਵਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ।’’
ਰੀਡਰ ਰਾਣਾ ਦੀ ਚੈਟ ਨੇ ਭੇਤ ਖੋਲ੍ਹੇ
ਚੰਡੀਗੜ੍ਹ ਦੀ ਅਦਾਲਤ ਵਿੱਚ ਅੱਜ ਸੀ ਬੀ ਆਈ ਨੇ ਦਲਾਲ ਰਾਘਵ ਗੋਇਲ ਅਤੇ ਵਿਜੀਲੈਂਸ ਦੇ ਰੀਡਰ ਦਰਮਿਆਨ ਹੋਈ ਚੈਟ ਵਿੱਚ ਕਈ ਅਹਿਮ ਭੇਤ ਛੁਪੇ ਹੋਣ ਦੀ ਗੱਲ ਕਹੀ। ਜਾਂਚ ਦੌਰਾਨ ਮੁਲਜ਼ਮ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਵੱਟਸਐਪ ਚੈਟ ਵਿੱਚ ਰਾਘਵ ਤੇ ਰੀਡਰ ਵਿਚਾਲੇ ਅਹਿਮ ਗੱਲਬਾਤ ਹੋਣ ਬਾਰੇ ਜਾਣਕਾਰੀ ਮਿਲੀ। ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਇਸ ਚੈਟ ਤੋ ਸਾਫ਼ ਹੈ ਕਿ ਇਸ ਮਾਮਲੇ ਵਿੱਚ ਰੀਡਰ ਰਾਣਾ ਦੀ ਸਰਗਰਮ ਸ਼ਮੂਲੀਅਤ ਹੈ। ਚੈਟ ਤੋਂ ਇਹ ਵੀ ਸਪੱਸ਼ਟ ਹੋਇਆ ਹੈ ਕਿ ਨਿੱਜੀ ਵਿਅਕਤੀਆਂ ਨਾਲ ਵਿਜੀਲੈਂਸ ਪੁੱਛ-ਪੜਤਾਲ, ਸ਼ਿਕਾਇਤਾਂ ਅਤੇ ਐੱਫ ਆਈ ਆਰਜ਼ ਨਾਲ ਸਬੰਧਤ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਸਰਕਾਰੀ ਅਹੁਦੇ ਦੀ ਦੁਰਵਰਤੋਂ ਹੈ। ਸੀ ਬੀ ਆਈ ਨੇ ਅਦਾਲਤ ਵਿੱਚ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਉਰਫ਼ ਵਿੱਕੀ ਗੋਇਲ ਦਾ ਰਿਮਾਂਡ ਮੰਗਦੇ ਹੋਏ ਇਹ ਤੱਥ ਸਾਹਮਣੇ ਰੱਖੇ। ਅਦਾਲਤ ਨੇ ਮੁਲਜ਼ਮ ਵਿਕਾਸ ਗੋਇਲ ਤੇ ਰਾਘਵ ਗੋਇਲ ਦਾ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ ਜਦੋਂ ਕਿ ਅੰਕਿਤ ਵਧਵਾ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।

