Punjab Municipal Elections 2026: ਕਾਗਜ਼ ਦਾਖ਼ਲ ਕਰਨ ਦਾ ਅਮਲ ਅੱਜ ਤੋਂ

Punjab Municipal Elections 2026: ਕਾਗਜ਼ ਦਾਖ਼ਲ ਕਰਨ ਦਾ ਅਮਲ ਅੱਜ ਤੋਂ

ਚੰਡੀਗਡ਼੍ਹ: ਪੰਜਾਬ ’ਚ ਨਿਗਮ ਤੇ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਭਲਕੇ 13 ਮਈ ਤੋਂ ਸ਼ੁਰੂ ਹੋਵੇਗੀ ਜੋ 16 ਮਈ ਤੱਕ ਜਾਰੀ ਰਹੇਗੀ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਨਿਗਮ ਤੇ ਕੌਂਸਲ ਚੋਣਾਂ ਸ਼ਹਿਰੀ ਵੋਟਰਾਂ ਦੇ ਸਿਆਸੀ ਰੁਝਾਨ ਨੂੰ ਸਾਹਮਣੇ ਲਿਆਉਣਗੀਆਂ।

ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ ਅਤੇ ਚੋਣ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਬਰਨਾਲਾ ਨਗਰ ਕੌਂਸਲ ਨੂੰ 14 ਨਵੰਬਰ 2025 ਨੂੰ ਨਗਰ ਨਿਗਮ ਦਾ ਦਰਜਾ ਮਿਲਿਆ ਹੈ ਜਿਸ ਕਰ ਕੇ ਇਸ ਨਿਗਮ ਦੀ ਪਹਿਲੀ ਚੋਣ ਹੋਵੇਗੀ। ਇਸੇ ਤਰ੍ਹਾਂ ਨਗਰ ਨਿਗਮ ਅਬੋਹਰ, ਬਠਿੰਡਾ, ਬਰਨਾਲਾ, ਮੁਹਾਲੀ, ਬਟਾਲਾ, ਪਠਾਨਕੋਟ, ਕਪੂਰਥਲਾ ਅਤੇ ਮੋਗਾ ਦੀ ਚੋਣ ਵੀ ਸਿਆਸੀ ਧਿਰਾਂ ਲਈ ਵੱਕਾਰੀ ਬਣੇਗੀ। ਹੁਸ਼ਿਆਰਪੁਰ ਨਗਰ ਨਿਗਮ ਦੀ ਚੋਣ ਵੋਟਰ ਸੂਚੀਆਂ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਰ ਕੇ ਪੈਂਡਿੰਗ ਕੀਤੀ ਗਈ ਹੈ। ਨਿਗਮ ਚੋਣਾਂ ’ਚ ਸਿਰ ਧੜ ਦੀ ਬਾਜ਼ੀ ਲੱਗਣ ਦੀ ਸੰਭਾਵਨਾ ਹੈ ਜਿਸ ਕਰ ਕੇ ਕਾਗ਼ਜ਼ ਦਾਖ਼ਲ ਕਰਨ ਮੌਕੇ ਵੀ ਰੌਲੇ-ਰੱਪੇ ਦਾ ਮੁੱਢ ਬੱਝ ਸਕਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ ਅਗਾਮੀ ਵਿਧਾਨ ਸਭਾ ਚੋਣਾਂ ’ਤੇ ਪਵੇਗਾ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਪਾਰਟੀ ਚੋਣ ਨਿਸ਼ਾਨ ’ਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਇਨ੍ਹਾਂ ਚੋਣਾਂ ’ਚ ਸ਼ਹਿਰੀ ਵੋਟਰਾਂ ਦੀ ਨਬਜ਼ ਟਟੋਲੇਗੀ। ਸਿਆਸੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਹਰ ਸ਼ਹਿਰ ’ਚ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਬਣਾਈ ਹੈ। ਸਥਾਨਕ ਚੋਣਾਂ ਉਸ ਵਕਤ ਹੋ ਰਹੀਆਂ ਹਨ ਜਦੋਂ ਪੰਜਾਬ ’ਚ ‘ਆਪ’ ਅਤੇ ਭਾਜਪਾ ਦਰਮਿਆਨ ਸਿਆਸੀ ਟਕਰਾਅ ਸਿਖਰ ’ਤੇ ਹੈ। ਕਾਂਗਰਸ ਪਾਰਟੀ ਵੀ ਇਨ੍ਹਾਂ ਚੋਣਾਂ ’ਚ ਸ਼ਹਿਰੀ ਵੋਟਰਾਂ ਦੀ ਨਬਜ਼ ਟੋਹੇਗੀ ਅਤੇ ਇਨ੍ਹਾਂ ਚੋਣਾਂ ਸੀਨੀਅਰ ਕਾਂਗਰਸੀ ਆਗੂਆਂ ਦੇ ਗਰਾਫ ਦਾ ਵੀ ਪਤਾ ਲੱਗੇਗਾ।

Share: