ਕੌਲੂਨ (ਹਾਂਗਕਾਂਗ): ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵੀ ਮਲੇਸ਼ੀਆ ਦੇ ਨੂਰ ਮੋਹਦ ਅਜ਼ਰੀਨ ਅਯੂਬ ਅਤੇ ਤਾਨ ਵੀ ਕਿਓਂਗ ਉੱਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਦਾਖ਼ਲਾ ਲਿਆ ਹੈ। ਪੰਜਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰੀਆਂ, ਜਿਨ੍ਹਾਂ ਨੇ ਇਸ ਸਾਲ ਸਿੰਗਾਪੁਰ ਅਤੇ ਚੀਨ ਵਿੱਚ ਦੋ ਸੁਪਰ 750 ਖ਼ਿਤਾਬ ਜਿੱਤੇ ਹਨ, ਨੂਰ ਅਤੇ ਤਾਨ ਉੱਤੇ 42 ਮਿੰਟਾਂ ਵਿੱਚ 21-19, 21-16 ਨਾਲ ਜਿੱਤ ਦਰਜ ਕਰਨ ਦੌਰਾਨ ਸ਼ਾਨਦਾਰ ਅਤੇ ਸਟੀਕ ਪ੍ਰਦਰਸ਼ਨ ਕੀਤਾ।
ਇਸੇ ਤਰ੍ਹਾਂ ਭਾਰਤ ਦੀ ਰਕਸ਼ਿਤਾ ਰਾਮਰਾਜ ਨੇ ਅੱਜ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਟੋਕੀਓ ਓਲੰਪਿਕ ਚੈਂਪੀਅਨ ਅਤੇ ਦੁਨੀਆ ਦੀ ਨੰਬਰ 4 ਖਿਡਾਰਨ ਚੀਨ ਦੀ ਚੇਨ ਯੂ ਫੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਹੈਰਾਨੀਜਨਕ ਉਲਟਫੇਰ ਕੀਤਾ। ਕੋਇੰਬਟੂਰ ਦੀ 19 ਸਾਲਾ ਖਿਡਾਰਨ ਜੋ ਪੁਲੇਲਾ ਗੋਪੀਚੰਦ ਅਕੈਡਮੀ ਵਿੱਚ ਸਿਖਲਾਈ ਲੈਂਦੀ ਹੈ, ਨੇ ਚੇਨ ਵਿਰੁੱਧ 21-18, 24-22 ਨਾਲ ਜਿੱਤ ਦਰਜ ਕਰਨ ਲਈ ਸ਼ਾਨਦਾਰ ਹੁਨਰ, ਖ਼ਾਸ ਕਰ ਕੇ ਆਪਣੇ ਓਵਰਹੈੱਡ ਧੋਖੇਬਾਜ਼ ਸ਼ਾਟਸ ਦਾ ਪ੍ਰਦਰਸ਼ਨ ਕੀਤਾ, ਜੋ ਹੁਣ ਤੱਕ ਦੇ ਉਸ ਦੇ ਕੌਮਾਂਤਰੀ ਕਰੀਅਰ ਦੀਆਂ ਸਭ ਤੋਂ ਯਾਦਗਾਰ ਜਿੱਤਾਂ ਵਿੱਚੋਂ ਇੱਕ ਹੈ। ਉਸ ਨੇ ਸ਼ੁਰੂਆਤੀ ਦੌਰ ਵਿੱਚ ਡੈਨਮਾਰਕ ਦੀ ਮੀਆ ਬਲਿਚਫੈਲਡ ਨੂੰ ਵੀ ਹੈਰਾਨ ਕੀਤਾ ਸੀ। ਉਹ ਅਗਲੇ ਗੇੜ ਵਿੱਚ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਦਾ ਸਾਹਮਣਾ ਕਰੇਗੀ।ਸ਼ਾਨਦਾਰ ਫਾਰਮ ਵਿੱਚ ਚੱਲ ਰਿਹਾ ਲਕਸ਼ੈ ਸੇਨ ਜਿਸ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੇ ਸੀਜ਼ਨ ਦੇ ਅੰਤਿਮ ਬੀ ਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ, ਨੇ ਆਪਣੀ ਪ੍ਰਭਾਵਸ਼ਾਲੀ ਲੈਅ ਜਾਰੀ ਰੱਖਦੇ ਹੋਏ ਡੈਨਮਾਰਕ ਦੇ ਰਾਸਮਸ ਗੈਮਕੇ ਨੂੰ 21-11, 21-18 ਨਾਲ ਮਾਤ ਦਿੱਤੀ। ਹਾਈਲੋ ਓਪਨ ਅਤੇ ਕੁਮਾਮੋਤੋ ਮਾਸਟਰਜ਼ ਜਪਾਨ ਵਿੱਚ ਲਗਾਤਾਰ ਖ਼ਿਤਾਬ ਜਿੱਤਣ ਵਾਲੇ 25 ਸਾਲਾ ਖਿਡਾਰੀ ਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਅਤੇ 2021 ਦੇ ਆਲਮੀ ਚੈਂਪੀਅਨ ਲੋਹ ਕੀਨ ਯੂ ਨਾਲ ਹੋਵੇਗਾ।

