PUC Rules: ਹੁਣ ਨਵੇਂ BS-6 ਨਿੱਜੀ ਵਾਹਨਾਂ ਨੂੰ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ, ਨਵੇਂ ਨਿਯਮ ਲਾਗੂ

PUC Rules: ਹੁਣ ਨਵੇਂ BS-6 ਨਿੱਜੀ ਵਾਹਨਾਂ ਨੂੰ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ, ਨਵੇਂ ਨਿਯਮ ਲਾਗੂ

ਨਵੀਂ ਦਿੱਲੀ : ਸਰਕਾਰ ਨੇ ਵਾਹਨਾਂ ਲਈ ਲੋੜੀਂਦੇ ਪ੍ਰਦੂਸ਼ਣ ਸਰਟੀਫਿਕੇਟਾਂ (ਪੀ ਯੂ ਸੀ) ਦੀ ਵਾਜਬ ਮਿਆਦ ਵਿੱਚ ਸੋਧ ਕਰਦਿਆਂ ਨਵੇਂ ਅਤੇ ਪੁਰਾਣੇ ਵਾਹਨਾਂ ਲਈ ਵੱਖੋ-ਵੱਖਰੇ ਨਿਯਮ ਤੈਅ ਕੀਤੇ ਹਨ। ਸੋਧੇ ਹੋਏ ਨੇਮਾਂ ਤਹਿਤ ਬੀ ਐੇੱਸ 6 ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਨਵੇਂ ਵਾਹਨਾਂ ਨੂੰ ਆਪਣੇ ਪ੍ਰਦੂਸ਼ਣ ਸਰਟੀਫਿਕੇਟ ਨਵਿਆਉਣ ਲਈ ਵਧੇਰੇ ਸਮਾਂ ਮਿਲੇਗਾ, ਜਦੋਂ ਕਿ ਪੁਰਾਣੇ ਵਾਹਨਾਂ ਦੇ ਮਾਮਲੇ ਵਿੱਚ ਇਹ ਨਵੀਨੀਕਰਨ ਘੱਟ ਸਮੇਂ ਅੰਦਰ ਕਰਵਾਉਣਾ ਜ਼ਰੂਰੀ ਹੋਵੇਗਾ। ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਵੱਲੋਂ 13 ਨਵੰਬਰ ਨੂੰ ਜਾਰੀ ਗਏ ਨਵੇਂ ਨਿਯਮਾਂ ਤਹਿਤ ਛੇ ਸਾਲ ਤੱਕ ਪੁਰਾਣੇ ਬੀ ਐੱਸ 6 ਮਾਪਦੰਡਾਂ ਵਾਲੇ ਨਿੱਜੀ ਵਾਹਨਾਂ ਨੂੰ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਪ੍ਰਦੂਸ਼ਣ ਸਰਟੀਫਿਕੇਟ ਦੀ ਲੋੜ ਹੋਵੇਗੀ, ਜਦੋਂ ਕਿ ਛੇ ਸਾਲ ਤੋਂ ਵੱਧ ਪਰ 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਇਸ ਨੂੰ ਹਰ ਸਾਲ ਨਵਿਆਉਣ ਦੀ ਲੋੜ ਪਵੇਗੀ। ਦਸ ਸਾਲ ਤੋਂ ਪੁਰਾਣੇ ਨਿੱਜੀ ਬੀ ਐੱਸ 6 ਵਾਹਨਾਂ ਲਈ ਹਰ ਛੇ ਮਹੀਨਿਆਂ ਬਾਅਦ ਪ੍ਰਦੂਸ਼ਣ ਸਰਟੀਫਿਕੇਟ ਨਵਿਆਉਣਾ ਜ਼ਰੂਰੀ ਹੋਵੇਗਾ। ਸੋਧੇ ਹੋਏ ਨਿਯਮਾਂ ਅਨੁਸਾਰ, ਬੀ ਐੱਸ 6 ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਟਰਾਂਸਪੋਰਟ ਵਾਹਨਾਂ ਲਈ ਵਾਜਬੀਅਤ ਮਿਆਦ ਵਧਾਈ ਗਈ ਹੈ। ਛੇ ਸਾਲ ਤੱਕ ਪੁਰਾਣੇ ਵਾਹਨਾਂ ਨੂੰ ਦੋ ਸਾਲਾਂ ਵਿੱਚ ਇੱਕ ਵਾਰ ਪ੍ਰਦੂਸ਼ਣ ਸਰਟੀਫਿਕੇਟ ਨਵਿਆਉਣ ਦੀ ਲੋੜਪਏਗੀ, ਜਦੋਂ ਕਿ ਛੇ ਸਾਲ ਤੋਂ ਵੱਧ ਪਰ 10 ਸਾਲ ਤੱਕ ਪੁਰਾਣੇ ਵਾਹਨਾਂ ਨੂੰ ਹਰ ਸਾਲ ਨਵਿਆਉਣਾ ਪਵੇਗਾ। 10 ਸਾਲ ਤੋਂ ਪੁਰਾਣੇ ਟਰਾਂਸਪੋਰਟ ਵਾਹਨਾਂ ਲਈ ਛੇ ਮਹੀਨਿਆਂ ਬਾਅਦ ਨਵੀਨੀਕਰਨ ਕਰਵਾਉਣਾ ਲਾਜ਼ਮੀ ਰਹੇਗਾ। ਬੀ ਐੱਸ 1, ਬੀ ਐੱਸ 2 ਅਤੇ ਬੀ ਐੱਸ 3 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਤਿੰਨ ਮਹੀਨਿਆਂ ਤੱਕ ਵਾਜਬ ਹੋਣਗੇ, ਜਦਕਿ ਬੀ ਐੱਸ 4 ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਲਈ ਇਹ ਛੇ ਮਹੀਨਿਆਂ ਤੱਕ ਪ੍ਰਮਾਣਿਕ ਹੋਣਗੇ।

ਇਹ ਤਬਦੀਲੀਆਂ ਮੋਟਰ ਵਹੀਕਲਜ਼ ਐਕਟ, 1988 ਅਧੀਨ ‘ਸੈਂਟਰਲ ਮੋਟਰ ਵਹੀਕਲਜ਼ (16ਵੀਂ ਸੋਧ) ਨਿਯਮ, 2026’ ਰਾਹੀਂ ਸੂਚਿਤ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਨਾ ਮਗਰੋਂ ਅਮਲ ਵਿੱਚ ਆ ਗਈਆਂ ਹਨ। ਬੀ ਐੱਸ 6 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਸਾਰੇ ਟਰਾਂਸਪੋਰਟ ਅਤੇ ਗ਼ੈਰ-ਟਰਾਂਸਪੋਰਟ ਮੋਟਰ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਦੀ ਮੌਜੂਦਾ ਵਾਜਬੀਅਤ ਮਿਆਦ 12 ਮਹੀਨੇ ਹੈ। ਇਸ ਤੋਂ ਇਲਾਵਾ ਬੀ ਐੇੱਸ 4 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਸਾਰੇ ਮੋਟਰ ਵਾਹਨਾਂ ਲਈ ਮੌਜੂਦਾ ਵਾਜਬੀਅਤ ਮਿਆਦ 12 ਮਹੀਨੇ ਹੈ, ਅਤੇ ਬੀ ਐੇੱਸ 1, ਬੀ ਐੇੱਸ 2 ਤੇ ਬੀ ਐੇੱਸ 3 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਦੀ ਵਾਜਬ ਮਿਆਦ 6 ਮਹੀਨੇ ਹੈ।

Share: