ਸਿਡਨੀ ਯੂਨੀਵਰਸਿਟੀ ‘ਚ ਅਕਾਦਮਿਕ ਫਰਜ਼ੀਵਾੜੇ ਦਾ ਵੱਡਾ ਖੁਲਾਸਾ, ਭਾਰਤੀ ਵਿਦਿਆਰਥੀ ਵੀ ਸ਼ਾਮਲ

ਸਿਡਨੀ ਯੂਨੀਵਰਸਿਟੀ ‘ਚ ਅਕਾਦਮਿਕ ਫਰਜ਼ੀਵਾੜੇ ਦਾ ਵੱਡਾ ਖੁਲਾਸਾ, ਭਾਰਤੀ ਵਿਦਿਆਰਥੀ ਵੀ ਸ਼ਾਮਲ

ਸਿਡਨੀ : ਆਸਟਰੇਲੀਆ ਦੀ ਨਾਮਵਰ ਸਿਡਨੀ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨਾਲ ਜੁੜੀ ਅਕਾਦਮਿਕ ਧੋਖਾਧੜੀ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਸੂਚਨਾ ਦੀ ਆਜ਼ਾਦੀ ਕਾਨੂੰਨ ਤਹਿਤ ਜਾਰੀ ਅੰਦਰੂਨੀ ਰਿਪੋਰਟ ਅਨੁਸਾਰ ਸਾਲ 2025 ਦੌਰਾਨ ਧੋਖਾਧੜੀ, ਫਰਜ਼ੀ ਦਸਤਾਵੇਜ਼ ਅਤੇ ਅਕਾਦਮਿਕ ਬੇਈਮਾਨੀ ਦੇ 330 ਗੰਭੀਰ ਮਾਮਲੇ ਦਰਜ ਹੋਏ। ਇਨ੍ਹਾਂ ਵਿੱਚੋਂ 91 ਫ਼ੀਸਦੀ ਮਾਮਲੇ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਸਨ, ਜਦੋਂ ਕਿ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਕੁੱਲ ਗਿਣਤੀ ਲਗਪਗ 52 ਫ਼ੀਸਦੀ ਹੈ।

ਧੋਖਾਧੜੀ ਦੇ ਤਰੀਕੇ ਵੀ ਕਾਫ਼ੀ ਗੰਭੀਰ ਹਨ। ਇਨ੍ਹਾਂ ਵਿੱਚ ਬਿਮਾਰੀ ਦੇ ਜਾਅਲੀ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਪ੍ਰੀਖਿਆਵਾਂ ਤੋਂ ਛੋਟ ਜਾਂ ਸਮਾਂ ਲੈਣਾ, ਨਕਲੀ ਦਸਤਾਵੇਜ਼ ਤਿਆਰ ਕਰਨਾ ਅਤੇ ਪੈਸੇ ਦੇ ਕੇ ਦੂਜਿਆਂ ਤੋਂ ਅਸਾਈਨਮੈਂਟ ਤੇ ਅਕਾਦਮਿਕ ਕੰਮ ਕਰਵਾਉਣਾ ਸ਼ਾਮਲ ਹੈ। ਵਿਦਿਅਕ ਸਰਟੀਫਿਕੇਟ ਫਰਜ਼ੀ ਹੋਣੇ ਵੀ ਸ਼ਾਮਲ ਹਨ। ਇਸ ਮਾਮਲੇ ਵਿੱਚ ਭਾਰਤ ਸਮੇਤ ਹੋਰ ਏਸ਼ੀਆਈ ਮੁਲਕਾਂ ਤੋਂ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਦੱਸੀ ਗਈ ਹੈ ।
ਰਿਪੋਰਟ ਮੁਤਾਬਕ ਅਜਿਹੇ ਮਾਮਲਿਆਂ ਵਿੱਚ 2023 ਦੌਰਾਨ 1,007 ਕੇਸ ਦਰਜ ਹੋਏ ਸਨ, ਜੋ 2025 ਵਿੱਚ ਘਟ ਕੇ 330 ਰਹਿ ਗਏ। ਹਾਲਾਂਕਿ ਰਿਪੋਰਟ ਨੇ ਘੱਟ ਰਿਪੋਰਟਿੰਗ ਦੀ ਸੰਭਾਵਨਾ ਵੀ ਜਤਾਈ ਹੈ। ਪ੍ਰਸ਼ਾਸਨ ਨੇ ਸਜ਼ਾਵਾਂ ਵਜੋਂ 628 ਫੇਲ੍ਹ ਗ੍ਰੇਡ, 152 ਮੁਅੱਤਲੀਆਂ, 39 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਕੱਢਣ ਅਤੇ ਤਿੰਨ ਡਿਗਰੀਆਂ ਰੱਦ ਕਰਨ ਦੇ ਅੰਕੜੇ ਵੀ ਸਾਹਮਣੇ ਆਏ ਹਨ।
ਯੂਨੀਵਰਸਿਟੀ ਨੇ ਜਾਅਲੀ ਦਸਤਾਵੇਜ਼ਾਂ, ਤਕਨੀਕੀ ਧੋਖਾਧੜੀ ਅਤੇ ਸੰਗਠਿਤ ਨਕਲਬਾਜ਼ੀ ਦੇ ਨੈੱਟਵਰਕਾਂ ਨਾਲ ਨਜਿੱਠਣ ਲਈ ਵਿਸ਼ੇਸ਼ ਜਾਂਚ ਟਾਸਕਫੋਰਸ ਬਣਾਈ ਹੈ।
Share: