ਬੁਕਿੰਗ ਰਾਸ਼ੀ ਨਾ ਮੋੜਨਾ ਹੋਟਲ ਮਾਲਕ ਨੂੰ ਪਿਆ ਮਹਿੰਗਾ; 6 ਲੱਖ ਵਾਪਸ ਕਰਨ ਤੇ 20 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ

ਬੁਕਿੰਗ ਰਾਸ਼ੀ ਨਾ ਮੋੜਨਾ ਹੋਟਲ ਮਾਲਕ ਨੂੰ ਪਿਆ ਮਹਿੰਗਾ; 6 ਲੱਖ ਵਾਪਸ ਕਰਨ ਤੇ 20 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ

ਚੰਡੀਗੜ੍ਹ : ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਚੰਡੀਗੜ੍ਹ ਨੇ ਰੱਦ ਹੋਏ ਵਿਆਹ ਸਮਾਗਮ ਦੀ ਬੁਕਿੰਗ ਰਾਸ਼ੀ ਵਾਪਸ ਨਾ ਕਰਨ ’ਤੇ ਹੋਟਲ ਲਲਿਤ, ਚੰਡੀਗੜ੍ਹ ਨੂੰ ਸ਼ਿਕਾਇਤਕਰਤਾ ਨੂੰ 6 ਲੱਖ ਰੁਪਏ ਦੀ ਪੂਰੀ ਰਕਮ ਵਾਪਸ ਕਰਨ ਅਤੇ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਪੰਚਕੂਲਾ ਦੇ ਸੈਕਟਰ-7 ਵਾਸੀ ਡਾ. ਯਤੀਸ਼ ਕੁਮਾਰ ਬਾਂਸਲ ਨੇ ਐਡਵੋਕੇਟ ਅਨਿਰੁਧ ਗੁਪਤਾ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਲਈ ਰਾਜੀਵ ਗਾਂਧੀ ਆਈ.ਟੀ. ਪਾਰਕ ਸਥਿਤ ਹੋਟਲ ਲਲਿਤ ਵਿੱਚ 29 ਅਤੇ 30 ਅਪਰੈਲ, 2021 ਲਈ ਬੈਂਕੁਇਟ ਹਾਲ ਤੇ 10-10 ਕਮਰੇ 6 ਲੱਖ ਰੁਪਏ ਵਿੱਚ ਬੁੱਕ ਕਰਕੇ ਪੂਰੀ ਅਦਾਇਗੀ ਕੀਤੀ ਸੀ। ਪਰ ਕੋਵਿਡ-19 ਮਹਾਮਾਰੀ ਕਾਰਨ ਬਣੇ ਵੱਸੋਂ ਬਾਹਰ ਦੇ ਹਾਲਾਤ ਕਰਕੇ ਉਨ੍ਹਾਂ ਨੂੰ ਬੁਕਿੰਗ ਰੱਦ ਕਰਨੀ ਪਈ। ਹੋਟਲ ਪ੍ਰਬੰਧਕਾਂ ਨੇ ਕੋਈ ਸੇਵਾ ਨਾ ਦੇਣ ਦੇ ਬਾਵਜੂਦ ਪੈਸੇ ਵਾਪਸ ਕਰਨ ਦੀ ਬਜਾਏ ‘ਕ੍ਰੈਡਿਟ ਨੋਟ’ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤਾ। ਹੋਟਲ ਦੇ ਵਕੀਲ ਨੇ ਦਲੀਲ ਦਿੱਤੀ ਕਿ 5 ਦਸੰਬਰ, 2020 ਦੇ ਇਕਰਾਰਨਾਮੇ ਮੁਤਾਬਕ ਸਮਾਗਮ ਤੋਂ 30 ਦਿਨ ਪਹਿਲਾਂ ਬੁਕਿੰਗ ਰੱਦ ਕਰਨ ’ਤੇ 100 ਫ਼ੀਸਦੀ ਕਟੌਤੀ ਦੀ ਸ਼ਰਤ ਸੀ। ਸ਼ਿਕਾਇਤਕਰਤਾ ਨੇ ਸਮਾਗਮ ਤੋਂ 7-9 ਦਿਨ ਪਹਿਲਾਂ 21 ਅਪਰੈਲ, 2021 ਨੂੰ ਬੁਕਿੰਗ ਰੱਦ ਕੀਤੀ, ਜਿਸ ਨਾਲ ਹਾਲ ਤੇ ਕਮਰੇ ਬੁੱਕ ਰਹਿਣ ਕਾਰਨ ਹੋਟਲ ਨੂੰ ਕਾਰੋਬਾਰੀ ਨੁਕਸਾਨ ਹੋਇਆ।

ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਕਰਕੇ ਬੁਕਿੰਗ ਰੱਦ ਕਰਨ ਦਾ ਕਾਰਨ ਜਾਇਜ਼ ਸੀ। ਇਕਰਾਰਨਾਮੇ ਦੀਆਂ ਸ਼ਰਤਾਂ ਦੀ ਮਨਮਰਜ਼ੀ ਨਾਲ ਵਿਆਖਿਆ ਕਰਕੇ ਪੂਰੀ ਰਕਮ ਗੈਰ-ਵਾਜਬ ਢੰਗ ਨਾਲ ਜ਼ਬਤ ਨਹੀਂ ਕੀਤੀ ਜਾ ਸਕਦੀ। ਹੋਟਲ ਪ੍ਰਬੰਧਕ ਅਸਲ ਨੁਕਸਾਨ ਸਾਬਤ ਕਰਨ ਵਿੱਚ ਅਸਫਲ ਰਹੇ ਹਨ ਅਤੇ ਸੇਵਾਵਾਂ ਦਿੱਤੇ ਬਿਨਾਂ ਪੂਰੀ ਰਕਮ ਰੱਖਣਾ ਗੈਰ-ਵਾਜਬ ਮੁਨਾਫ਼ਾਖੋਰੀ ਹੈ। ਕਮਿਸ਼ਨ ਨੇ ਹੋਟਲ ਨੂੰ 6 ਲੱਖ ਰੁਪਏ ਸਮਾਗਮ ਰੱਦ ਕਰਨ ਦੀ ਮਿਤੀ ਤੋਂ ਅਦਾਇਗੀ ਤੱਕ 9 ਫ਼ੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਅਤੇ ਮਾਨਸਿਕ ਪਰੇਸ਼ਾਨੀ ਤੇ ਮੁਕੱਦਮੇਬਾਜ਼ੀ ਖ਼ਰਚੇ ਵਜੋਂ 20 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।

Share: