AAP Punjab candidate: ‘ਆਪ’ ਦੀ ਪਹਿਲੀ ਸੂਚੀ ’ਚੋਂ ਬੈਂਸ ਦਾ ਨਾਂ ਗਾਇਬ ਹੋਣ ’ਤੇ ਗਰਮਾਈ ਸਿਆਸਤ

AAP Punjab candidate: ‘ਆਪ’ ਦੀ ਪਹਿਲੀ ਸੂਚੀ ’ਚੋਂ ਬੈਂਸ ਦਾ ਨਾਂ ਗਾਇਬ ਹੋਣ ’ਤੇ ਗਰਮਾਈ ਸਿਆਸਤ

ਰੂਪਨਗਰ : ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਐਲਾਨੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਰੂਪਨਗਰ ਜ਼ਿਲ੍ਹੇ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਪਹਿਲੀ ਸੂਚੀ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਂ ਸ਼ਾਮਲ ਨਾ ਹੋਣ ਕਾਰਨ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਅਤੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਮੰਤਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਮੂਡ ਨੂੰ ਭਾਂਪ ਚੁੱਕੇ ਹਨ ਅਤੇ ਚੋਣਾਂ ਤੋਂ ਪਹਿਲਾਂ ਆਪਣੇ ਲਈ ਕੋਈ ‘ਸੁਰੱਖਿਅਤ’ ਹਲਕਾ ਤਲਾਸ਼ ਰਹੇ ਹਨ।

ਦੂਜੇ ਪਾਸੇ, ਸਿੱਖਿਆ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਦੋ-ਟੂਕ ਕਿਹਾ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਅਨੰਦਪੁਰ ਸਾਹਿਬ ਨਾਲ ਹੀ ਜੁੜਿਆ ਹੋਇਆ ਹੈ। ਬੈਂਸ ਨੇ ਕਿਹਾ, ‘‘ਮੈਂ ਅਨੰਦਪੁਰ ਸਾਹਿਬ ਹਲਕੇ ਵਿੱਚ ਹੀ ਜਿਊਣਾ ਹੈ ਅਤੇ ਇੱਥੇ ਹੀ ਮਰਨਾ ਹੈ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲੀ ਸੂਚੀ ਦਾ ਐਲਾਨ ਪਾਰਟੀ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ ਅਤੇ ਕਈ ਮੰਤਰੀਆਂ ਦੇ ਨਾਂ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਮੌਜੂਦਾ ਹਲਕਿਆਂ ਤੋਂ ਚੋਣ ਨਹੀਂ ਲੜਨਗੇ। ਉਨ੍ਹਾਂ ਵਿਰੋਧੀ ਧਿਰ ’ਤੇ ਬਿਨਾਂ ਵਜ੍ਹਾ ਮਾਮਲੇ ਨੂੰ ਤੂਲ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਦੇ ਵਿਕਾਸ ਕਾਰਜਾਂ ਦੇ ਦਮ ’ਤੇ ਹੀ ਜਨਤਾ ਦੀ ਕਚਹਿਰੀ ਵਿੱਚ ਜਾਣਗੇ। ਇਸ ਦੌਰਾਨ, ਪਾਰਟੀ ਵੱਲੋਂ ਰੂਪਨਗਰ ਦੇ ਮੌਜੂਦਾ ਵਿਧਾਇਕ ਦਿਨੇਸ਼ ਚੱਢਾ ਦੇ ਨਾਂ ਦਾ ਐਲਾਨ ਕੀਤੇ ਜਾਣ ਮਗਰੋਂ ਉਨ੍ਹਾਂ ਦੇ ਹਮਾਇਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਅਤੇ ਇਸ ਨੂੰ ਵਿਧਾਇਕ ਦੇ ਕੰਮਾਂ ’ਤੇ ਲੀਡਰਸ਼ਿਪ ਦੇ ਭਰੋਸੇ ਵਜੋਂ ਦੇਖਿਆ। ਵਿਧਾਇਕ ਚੱਢਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕੇ ਵਿੱਚ ਹੋਏ ਬੇਮਿਸਾਲ ਵਿਕਾਸ ਕਾਰਜਾਂ ਨੂੰ ਆਧਾਰ ਬਣਾ ਕੇ ਜ਼ਮੀਨੀ ਪੱਧਰ ’ਤੇ ਚੋਣ ਪ੍ਰਚਾਰ ਸ਼ੁਰੂ ਕਰਨਗੇ। ਸਿਆਸੀ ਮਾਹਿਰਾਂ ਮੁਤਾਬਕ ਉਮੀਦਵਾਰਾਂ ਦਾ ਸਮੇਂ ਤੋਂ ਪਹਿਲਾਂ ਐਲਾਨ ਹੋਣ ਨਾਲ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਲਾਮਬੰਦੀ ਕਰਨ ਅਤੇ ਚੋਣ ਰਣਨੀਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।ਪਾਰਟੀ ਸੂਤਰਾਂ ਅਨੁਸਾਰ ‘ਆਪ’ ਵੱਲੋਂ ਉਮੀਦਵਾਰਾਂ ਦੀ ਛੇਤੀ ਸੂਚੀ ਜਾਰੀ ਕਰਨ ਦਾ ਮੁੱਖ ਮਕਸਦ ਸੰਭਾਵੀ ਉਮੀਦਵਾਰਾਂ ’ਤੇ ਹੋਰ ਪਾਰਟੀਆਂ ਵੱਲੋਂ ਡੋਰੇ ਪਾਉਣ ਦੀ ਸੰਭਾਵਨਾ ਨੂੰ ਠੱਲ੍ਹ ਪਾਉਣਾ ਹੈ। ਹਾਲਾਂਕਿ ਕਈ ਪ੍ਰਮੁੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਪਹਿਲੀ ਸੂਚੀ ਵਿੱਚ ਨਾ ਆਉਣ ਕਾਰਨ ਵਿਰੋਧੀ ਪਾਰਟੀਆਂ ਨੂੰ ਹਮਲਾਵਰ ਹੋਣ ਦਾ ਮੌਕਾ ਜ਼ਰੂਰ ਮਿਲ ਗਿਆ ਹੈ। ਅਨੰਦਪੁਰ ਸਾਹਿਬ ਅਤੇ ਰੂਪਨਗਰ ਹਲਕਿਆਂ ਵਿੱਚ ਸਾਹਮਣੇ ਆਏ ਇਨ੍ਹਾਂ ਦੋ ਵੱਖੋ-ਵੱਖਰੇ ਘਟਨਾਕ੍ਰਮਾਂ ਨੇ ਜ਼ਿਲ੍ਹੇ ਦੇ ਸਿਆਸੀ ਪਿੜ ਵਿੱਚ ਸਮੇਂ ਤੋਂ ਪਹਿਲਾਂ ਹੀ ਗਰਮਾ-ਗਰਮੀ ਵਧਾ ਦਿੱਤੀ ਹੈ।

Share: