ਇੱਕ ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ

ਇੱਕ ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ

ਧਰਮਕੋਟ : ਕੋਟ ਈਸੇ ਖਾਂ ਦੇ ਚੀਮਾ ਰੋਡ ਦੀ ਬਸਤੀ ਸਾਧਾਵਾਲੀ ਵਿਖੇ ਖੇਡ ਰਹੇ ਇੱਕ ਸਾਲ ਦੇ ਬੱਚੇ ਉੱਪਰ ਬੇਕਾਬੂ ਹੋਇਆ ਟਰੈਕਟਰ ਜਾ ਚੜ੍ਹਿਆ, ਜਿਸ ਸਦਕਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੋਹ ਵਿੱਚ ਆਏ ਪਰਿਵਾਰ ਅਤੇ ਬਸਤੀ ਦੇ ਵੱਡੀ ਗਿਣਤੀ ਲੋਕਾਂ ਨੇ ਮੁੱਖ ਚੌਕ ਬੰਦ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਧਰਨਾ ਪ੍ਰਦਰਸ਼ਨ ਕਰੀਬ ਇੱਕ ਘੰਟਾ ਜਾਰੀ ਰਿਹਾ। ਇਸ ਤੋਂ ਬਾਅਦ ਥਾਣਾ ਮੁਖੀ ਕਮਲਜੀਤ ਸਿੰਘ ਨੇ ਸੂਝ-ਬੂਝ ਨਾਲ ਪਰਿਵਾਰ ਅਤੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਸ਼ਾਂਤ ਕਰਵਾਇਆ। ਪੁਲੀਸ ਨੇ ਟਰੈਕਟਰ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਉੱਪਰ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਸਾਲ ਦੇ ਬੱਚੇ ਹਿਮਾਂਸ਼ੂ ਨੂੰ ਉਸ ਦਾ ਪਿਤਾ ਜਤਿਨ ਵਾਕਰ ’ਤੇ ਬਿਠਾ ਕੇ ਗਲੀ ਵਿੱਚ ਖਿਡਾ ਰਿਹਾ ਸੀ। ਇਸੇ ਦੌਰਾਨ ਭੱਠੇ ਦੀ ਕੇਰੀ ਲੱਦੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਬੱਚੇ ਉੱਪਰ ਆ ਚੜ੍ਹੀ ਅਤੇ ਬੱਚੇ ਦੀ ਹੇਠਾਂ ਆਉਣ ਸਦਕਾ ਮੌਤ ਹੋ ਗਈ। ਪ੍ਰਿੰਸ ਨਾਮੀ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਬੱਚੇ ਦੇ ਪਿਤਾ ਜਤਿਨ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਧਰਨੇ ਉੱਤੇ ਪੁੱਜੇ ਥਾਣਾ ਮੁਖੀ ਕਮਲਜੀਤ ਸਿੰਘ ਨੇ ਪਰਿਵਾਰ ਨਾਲ ਘਟਨਾ ਦਾ ਦੁੱਖ ਸਾਂਝਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਚਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਲੋਕ ਧਰਨਾ ਚੁੱਕਣ ਲਈ ਰਾਜ਼ੀ ਹੋਏ।

Share: