ਟੋਕੀਓ : ਜਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ’ਚ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਮੇਅਰ ਕਾਜ਼ੁਮੀ ਮਾਤਸੁਈ ਨੇ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਨ੍ਹਾਂ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੀ ਮਾਨਸਿਕਤਾ ਦੁਨੀਆ ਨੂੰ ਕਿਸੇ ਹੋਰ ਵੱਡੀ ਤਬਾਹੀ ਵੱਲ ਧੱਕ ਰਹੀ ਹੈ। ਸਮਾਗਮ ’ਚ ਲਗਪਗ 50 ਹਜ਼ਾਰ ਵਿਅਕਤੀਆਂ ਅਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਵੇਰੇ ਸਵਾ 8 ਵਜੇ, ਜਿਸ ਸਮੇਂ ਬੀ-29 ਬੰਬ ਸੁੱਟਿਆ ਗਿਆ ਸੀ, ਸ਼ਾਂਤੀ ਘੰਟੀ ਵਜਾਈ ਗਈ ਅਤੇ ਮੌਨ ਧਾਰਨ ਕੀਤਾ ਗਿਆ। ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਪਹਿਲੀ ਵਾਰ ਇਸ ਯਾਦਗਾਰੀ ਸਮਾਰੋਹ ’ਚ ਹਿੱਸਾ ਲਿਆ। ਉਨ੍ਹਾਂ ਦੀ ਸਰਕਾਰ ਵੱਲੋਂ ਜਪਾਨ ਦੇ ਤਿੰਨ ਗ਼ੈਰ-ਪਰਮਾਣੂ ਸਿਧਾਂਤ ਨਰਮ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਲੋਕਾਂ ’ਚ ਫ਼ਿਕਰ ਦਾ ਮਾਹੌਲ ਹੈ।
ਚੀਨ ਤੇ ਜਪਾਨ ਵਿੱਚ ਤਣਾਅ ਵਧਿਆ
ਪੇਈਚਿੰਗ: ਚੀਨ ਨੇ ਜਪਾਨ ਵੱਲੋਂ ਜਾਰੀ ਸੱਜਰੇ ਰੱਖਿਆ ਵ੍ਹਾਈਟ ਪੇਪਰ ’ਤੇ ‘ਗੰਭੀਰ ਕੂਟਨੀਤਕ’ ਵਿਰੋਧ ਜਤਾਇਆ ਹੈ। ਇਹ ਵ੍ਹਾਈਟ ਪੇਪਰ ਪੇਈਚਿੰਗ ਨੂੰ ਟੋਕੀਓ ਲਈ ‘ਸਭ ਤੋਂ ਵੱਡੀ ਰਣਨੀਤਕ ਚੁਣੌਤੀ’ ਵਜੋਂ ਦਰਸਾਉਂਦਾ ਹੈ ਅਤੇ ਤਾਇਵਾਨ ਬਾਰੇ ‘ਸਖ਼ਤ ਟਿੱਪਣੀਆਂ’ ਕਰਦਾ ਹੈ। ਇਸ ਪੇਸ਼ਕਦਮੀ ਨਾਲ ਦੋਵਾਂ ਮੁਲਕਾਂ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿੰਗ ਨੇ ਕਿਹਾ, ‘‘ਇਸ ਵ੍ਹਾਈਟ ਪੇਪਰ ਵਿੱਚ ਇੱਕ ਵਾਰ ਫਿਰ ਚੀਨ ’ਤੇ ਬੇਬੁਨਿਆਦ ਦੋਸ਼ਾਂ ਨਾਲ ਨਿਸ਼ਾਨਾ ਸੇਧਿਆ ਗਿਆ ਹੈ, ਅਖੌਤੀ ‘ਚੀਨੀ ਖ਼ਤਰੇ’ ਦੀ ਗੱਲ ਦੁਹਰਾਈ ਗਈ ਹੈ ਅਤੇ ਤਾਇਵਾਨ ਖੇਤਰ ’ਤੇ ਬੇਬਾਕ ਟਿੱਪਣੀਆਂ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।’’

