ਨਵੀਂ ਦਿੱਲੀ : ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਤਿਆਰੀ ਲਈ ਦਿੱਲੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਖੁਫੀਆ ਰਿਪੋਰਟਾਂ ਪਾਕਿਸਤਾਨ ਦੀ ਹਮਾਇਤ ਹਾਸਲ ਅਤਿਵਾਦੀ ਸੰਗਠਨਾਂ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਅਤੇ ਧਮਕੀਆਂ ਦਾ ਸੰਕੇਤ ਦਿੰਦੀਆਂ ਹਨ। ਰਾਜਧਾਨੀ ਭਰ ਵਿੱਚ ਸੁਰੱਖਿਆ ਉਪਾਅ ਕਾਫ਼ੀ ਤੇਜ਼ ਕਰ ਦਿੱਤੇ ਗਏ ਹਨ, ਖਾਸ ਕਰਕੇ ਲਾਲ ਕਿਲੇ ਦੇ ਆਲੇ-ਦੁਆਲੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਸਮਾਗਮ ਵਿੱਚ ਲਗਭਗ 24 ਹਜ਼ਾਰ ਮਹਿਮਾਨ ਸ਼ਾਮਲ ਹੋਣਗੇ। ਜਸ਼ਨਾਂ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਦਿੱਲੀ ਪੁਲੀਸ ਦੇ ਤਕਰੀਬਨ 12 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਜਿਸ ਵਿੱਚ ਸਥਾਨ ਅਤੇ ਆਲੇ ਦੁਆਲੇ ਦੇ ਖੇਤਰਾਂ ਦੀ ਨਿਗਰਾਨੀ ਕਰਨ ਵਾਲੀਆਂ ਵੱਖ-ਵੱਖ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਵੀ ਨਾਲ ਹੋਣਗੀਆਂ। ਡਰੋਨ ਉਡਾਉਣ ਉਪਰ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ ਅਤੇ ਲਾਲ ਕਿਲਾ ਆਮ ਲੋਕਾਂ ਲਈ ਬੰਦ ਕੀਤਾ ਗਿਆ ਹੈ। ਲਾਲ ਕਿਲੇ ਅਤੇ ਇਸ ਦੇ ਆਲੇ-ਦੁਆਲੇ 1,000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸਵੈਟ ਕਮਾਂਡੋ, ਸਨਾਈਪਰ, ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਸੂਹੀਆ ਕੁੱਤੇ ਤਾਇਨਾਤ ਹੋਣਗੇ। ਸੁਰੱਖਿਆ ਕਰਮਚਾਰੀ ਸੁਰੱਖਿਆ ਜ਼ੋਨ ਵਿੱਚ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕਰਨਗੇ ਅਤੇ ਨਿਰੰਤਰ ਗਸ਼ਤ ਬਣਾਈ ਰੱਖਣਗੇ। ਇਸ ਤੋਂ ਇਲਾਵਾ ਰਾਜਧਾਨੀ ਭਰ ਵਿੱਚ ਸੰਵੇਦਨਸ਼ੀਲ ਸਥਾਨਾਂਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
Posted inNew Delhi
Independence Day ਦੇ ਜਸ਼ਨਾਂ ਤੋਂ ਪਹਿਲਾਂ ਹਾਈ ਅਲਰਟ

