ਨਵੀਂ ਦਿੱਲੀ : ਭਾਰਤ ਨੂੰ ਅੱਜ ਹਾਈਡ੍ਰੋਜਨ ਨਾਲ ਚੱਲਣ ਵਾਲੀ ਆਪਣੀ ਪਹਿਲੀ ਟਰੇਨ ਮਿਲ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਯਾਤਰੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਜੀਂਦ ਅਤੇ ਸੋਨੀਪਤ ਰੇਲਵੇ ਸਟੇਸ਼ਨਾਂ ਵਿਚਕਾਰ ਚੱਲੇਗੀ ਤੇ ਵਿੱਚ ਆਉਂਦੇ 12 ਸਟੇਸ਼ਨਾਂ ’ਤੇ ਰੁਕਦੇ ਹੋਏ 89 ਕਿਲੋਮੀਟਰ ਦੀ ਦੂਰੀ ਦੋ ਘੰਟਿਆਂ ਵਿੱਚ ਤੈਅ ਕਰੇਗੀ।
ਇਸ 10 ਡੱਬਿਆਂ ਦੇ ਟਰੇਨ ਸੈੱਟ ਨੂੰ ਚਲਾਉਣ ਲਈ 1,200 ਕਿਲੋਵਾਟ ਦਾ ਹਾਈਡ੍ਰੋਜਨ-ਫਿਊਲ-ਸੈੱਲ-ਪ੍ਰੋਪਲਸ਼ਨ ਸਿਸਟਮ ਲਾਇਆ ਗਿਆ ਹੈ। ਟਰੇਨ 75 ਕਿਲੋਮੀਟਰ ਪ੍ਰਤੀ ਘੰਟਾ ਦੀ ਜ਼ਿਆਦਾ ਤੋਂ ਜ਼ਿਆਦਾ ਰਫ਼ਤਾਰ ਨਾਲ ਚੱਲੇਗੀ। ਟਰੇਨ ਅਤੇ ਰੀਫਿਊਲਿੰਗ (ਤੇਲ ਭਰਨ ਵਾਲੇ) ਪਲਾਂਟ ਵਿੱਚ ਹਾਈਡ੍ਰੋਜਨ ਲੀਕ ਹੋਣ ਅਤੇ ਅਸਾਧਾਰਨ ਗਰਮੀ ਦਾ ਪਤਾ ਲਾਉਣ ਵਾਲੇ ਯੰਤਰ ਲਾਏ ਗਏ ਹਨ। ਇਸ ਦੇ ਨਾਲ ਹੀ ਇੱਕ ਆਟੋਮੈਟਿਕ ਸ਼ੱਟ-ਆਫ ਸਿਸਟਮ ਹੈ ਜੋ ਕਿਸੇ ਇਨਸਾਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕੀਤੇ ਬਿਨਾਂ, ਆਪਣੇ ਆਪ ਹਾਈਡ੍ਰੋਜਨ ਦੀ ਸਪਲਾਈ ਨੂੰ ਬੰਦ ਕਰਨ ਦੇ ਸਮਰੱਥ ਹੈ। ਟਰੇਨ ਦੇ ਚਾਲਕ ਦੇ ਕੈਬਿਨ ਨੂੰ ਖ਼ਾਸ ਤੌਰ ’ਤੇ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਮੋਡ ਹੈ ਜੋ ਕਿਸੇ ਐਮਰਜੈਂਸੀ ਹਾਲਾਤ ਵਿੱਚ ਟਰੇਨ ਨੂੰ ਸੁਰੱਖਿਅਤ ਥਾਂ ’ਤੇ ਲਿਜਾਣ ਦੀ ਇਜਾਜ਼ਤ ਦਿੰਦਾ ਹੈ। ਇਹ ਟਰੇਨ ਹਾਈਡ੍ਰੋਜਨ-ਫਿਊਲ-ਸੈੱਲ ਤਕਨੀਕ ’ਤੇ ਕੰਮ ਕਰਦੀ ਹੈ, ਜੋ ਟਰੇਨ ਨੂੰ ਅੱਗੇ ਵਧਾਉਣ ਲਈ ਹਾਈਡ੍ਰੋਜਨ ਨੂੰ ਬਿਜਲੀ ਵਿੱਚ ਬਦਲਦੀ ਹੈ। ਇਹ ਅਸਲ ਵਿੱਚ ਅਜਿਹੀ ਇਲੈਕਟ੍ਰਿਕ ਟਰੇਨ ਹੈ ਜੋ ਆਪਣੀ ਬਿਜਲੀ ਖ਼ੁਦ ਟਰੇਨ ਦੇ ਅੰਦਰ ਹੀ ਪੈਦਾ ਕਰਦੀ ਹੈ। ਉੱਪਰੋਂ, ਲੰਘਣ ਵਾਲੀਆਂ ਤਾਰਾਂ ਤੋਂ ਬਿਜਲੀ ਲੈਣ ਦੀ ਬਜਾਏ, ਉੱਚ-ਦਬਾਅ ਵਾਲੇ ਟੈਂਕਾਂ ਵਿੱਚ ਜਮ੍ਹਾਂ ਹਾਈਡ੍ਰੋਜਨ, ਫਿਊਲ ਸੈੱਲ ਦੇ ਅੰਦਰ ਹਵਾ ਦੀ ਆਕਸੀਜਨ ਨਾਲ ਪ੍ਰਤੀਕਿਰਿਆ ਕਰ ਕੇ ਬਿਜਲੀ ਪੈਦਾ ਕਰਦੀ ਹੈ।

