ਵੈਨਕੂਵਰ : ਸਰੀ ਵਿੱਚ ਤਿੰਨ ਦਿਨ ਪਹਿਲਾਂ ਵਾਪਰੇ ਦੋਹਰੇ ਹੱਤਿਆ ਕਾਂਡ ਵਿੱਚ ਮਾਰੇ ਗਏ ਲੜਕੇ ਤੇ ਲੜਕੀ ਦੀ ਪਛਾਣ ਪੰਜਾਬੀ ਨੌਜਵਾਨ ਗਗਨਪਰੀਤ ਗੈਰੀ ਰੀਹਲ (23) ਅਤੇ ਸੁਖਜੀਤ ਕੌਰ (24) ਵਜੋਂ ਜਾਰੀ ਕੀਤੀ ਹੈ। ਦੋਵੇਂ ਡੈਲਟਾ ਦੇ ਰਹਿਣ ਵਾਲੇ ਸਨ। ਪੁਲੀਸ ਨੇ ਮੰਨਿਆ ਹੈ ਕਿ ਇਹ ਮਿੱਥ ਕੇ ਕੀਤੀ ਗਈ ਹੱਤਿਆ ਅਤੇ ਬਦਲੇ ਵਜੋਂ ਗਰੋਹ ਹਿੰਸਾ ਦਾ ਨਤੀਜਾ ਹੈ। ਹਾਲਾਂਕਿ ਪੁਲੀਸ ਨੇ ਇਹ ਨਹੀਂ ਸਾਂਝਾ ਕੀਤਾ ਕਿ ਮਾਰੀ ਗਈ ਲੜਕੀ ਉਸ ਸਮੇਂ ਲੜਕੇ ਦੇ ਨਾਲ ਕਾਰ ਵਿੱਚ ਬੈਠੀ ਹੋਣ ਕਰਕੇ ਮਾਰੀ ਗਈ ਜਾਂ ਦੋਵਾਂ ’ਚ ਕੋਈ ਸਮਾਜਿਕ ਰਿਸ਼ਤਾ ਵੀ ਸੀ। ਜ਼ਿਕਰਯੋਗ ਹੈ ਕਿ ਘਟਨਾ ਐਤਵਾਰ ਰਾਤ ਸਾਢੇ 10 ਵਜੇ ਵਾਲਮਾਰਟ ਦੇ ਪਾਰਕਿੰਗ ਲਾਟ ’ਚ ਵਾਪਰੀ ਜਦੋਂ ਦੋਵੇਂ ਲਾਲ ਰੰਗ ਦੀ ਲਗਜ਼ਰੀ ਕਾਰ ਵਿੱਚ ਬੈਠੇ ਸਨ। ਪੁਲੀਸ ਨੇ ਇਹ ਵੀ ਮੰਨਿਆ ਹੈ ਕਿ ਕਤਲ ਕਾਂਡ ਤੋਂ ਸਿਰਫ 15 ਮਿੰਟ ਬਾਅਦ ਉਥੋਂ ਥੋੜੀ ਦੂਰੀ ’ਤੇ ਜਿਸ ਕਾਰ ਨੂੰ ਅੱਗ ਲਾਈ ਗਈ, ਉਸ ਨੂੰ ਹੱਤਿਆਰਿਆਂ ਵਲੋਂ ਵਰਤਿਆ ਗਿਆ ਹੋ ਸਕਦਾ ਹੈ।
ਜਾਂਚ ਦਲ ਦੇ ਬੁਲਾਰੇ ਸਾਰਜੈਂਟ ਫਰੈਡਾ ਫੌਗ ਨੇ ਦੱਸਿਆ ਕਿ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ’ਚ ਦੋਹਾਂ ਦੀਆਂ ਆਮ ਗਤੀਵਿਧੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੇ ਵਿਰੁੱਧ ਪਿਛਲੇ ਸਾਲਾਂ ਵਿੱਚ ਅਪਰਾਧਿਕ ਮਾਮਲੇ ਦਰਜ ਹੋਏ, ਪਰ ਲੜਕੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਫੜ ਲਿਆ ਜਾਏਗਾ।

