ਨਵੀਂ ਦਿੱਲੀ : 225 ਸਾਲਾਂ ਵਿੱਚ ਯਮੁਨਾ ਨਦੀ ਲਗਪਗ 68 ਫ਼ੀਸਦ ਸੁੰਗੜ ਗਈ ਹੈ। ਸਾਲ 1799 ਵਿੱਚ ਯਮੁਨਾ ਦੀ ਔਸਤ ਚੌੜਾਈ ਲਗਪਗ 658 ਮੀਟਰ ਸੀ, ਜੋ 2024 ਵਿੱਚ ਘੱਟ ਕੇ ਸਿਰਫ਼ 210 ਮੀਟਰ ਰਹਿ ਗਈ ਹੈ। ਇਹ ਗੱਲ ਡੀ ਯੂ ਦੇ ਭੂ-ਵਿਗਿਆਨ ਵਿਭਾਗ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਭੁਪਾਲ ਦੇ ਖੋਜੀਆਂ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਅਧਿਐਨ ਅਨੁਸਾਰ ਨਦੀ ਵਿੱਚ ਵਹਿ ਰਹੇ ਪਾਣੀ ਦੀ ਮਾਤਰਾ ਵਿੱਚ ਵੀ ਲਗਪਗ 89 ਫ਼ੀਸਦ ਗਿਰਾਵਟ ਆਈ ਹੈ। ਖੋਜੀਆਂ ਨੇ ਇਸ ਲਈ 1799 ਦੇ ਪੁਰਾਣੇ ਨਕਸ਼ੇ, ਹੋਰ ਇਤਿਹਾਸਕ ਨਕਸ਼ਿਆਂ ਅਤੇ ਆਧੁਨਿਕ ਸੈਟੇਲਾਈਟ ਤਸਵੀਰਾਂ ਦਾ ਅਧਿਐਨ ਕੀਤਾ ਹੈ। ਨਦੀ ਦੀ ਚੌੜਾਈ ਵਿੱਚ ਕਮੀ ਦੇ ਆਧਾਰ ’ਤੇ ਖੋਜੀਆਂ ਦਾ ਅੰਦਾਜ਼ਾ ਹੈ ਕਿ ਨਦੀ ਵਿੱਚ ਪਾਣੀ ਦਾ ਪ੍ਰਵਾਹ 30 ਹਜ਼ਾਰ ਘਣ ਮੀਟਰ ਪ੍ਰਤੀ ਸੈਕਿੰਡ ਤੋਂ ਘਟ ਕੇ 3,900 ਘਣ ਮੀਟਰ ਪ੍ਰਤੀ ਸੈਕਿੰਡ ਹੋ ਗਿਆ ਹੈ। ਖੋਜੀ ਪ੍ਰੋ. ਵਿਮਲ ਸਿੰਘ ਨੇ ਕਿਹਾ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਵਧਦਾ ਸ਼ਹਿਰੀਕਰਨ, ਡੈਮ, ਨਹਿਰਾਂ, ਬੰਨ੍ਹ ਅਤੇ ਮਨੁੱਖੀ ਦਖਲਅੰਦਾਜ਼ੀ ਹੈ। 1799 ਦਾ ਨਕਸ਼ਾ ਉਸ ਸਮੇਂ ਦਾ ਹੈ, ਜਦੋਂ ਯਮੁਨਾ ’ਤੇ ਕੋਈ ਵੱਡਾ ਡੈਮ ਨਹੀਂ ਬਣਾਇਆ ਗਿਆ ਸੀ। ਇਸ ਲਈ ਇਹ ਨਦੀ ਦੀ ਕੁਦਰਤੀ ਸਥਿਤੀ ਨੂੰ ਸਮਝਣ ਲਈ ਅਹਿਮ ਆਧਾਰ ਬਣ ਜਾਂਦਾ ਹੈ। ਤਾਜੇਵਾਲਾ, ਓਖਲਾ, ਵਜ਼ੀਰਾਬਾਦ ਅਤੇ ਆਈ ਟੀ ਓ ਬੈਰਾਜਾਂ ਦੇ ਨਿਰਮਾਣ ਤੋਂ ਬਾਅਦ ਦੇ ਸਾਲਾਂ ਵਿੱਚ ਨਦੀ ਦੇ ਵਹਾਅ ਵਿੱਚ ਕਾਫ਼ੀ ਬਦਲਾਅ ਆਇਆ। ਇਨ੍ਹਾਂ ਪ੍ਰਾਜੈਕਟਾਂ ਨੇ ਵੱਡੀ ਮਾਤਰਾ ਵਿੱਚ ਪਾਣੀ ਦਾ ਵਹਾਅ ਮੋੜ ਦਿੱਤਾ, ਜਿਸ ਨਾਲ ਦਿੱਲੀ ਵਿੱਚ ਯਮੁਨਾ ਦੇ ਕੁਦਰਤੀ ਵਹਾਅ ਵਿੱਚ ਵਿਘਨ ਪਿਆ। ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਸੌ ਸਾਲਾਂ ਵਿੱਚ ਯਮੁਨਾ ਦੇ ਹੜ੍ਹ ਦੇ ਮੈਦਾਨ ਦੇ ਲਗਭਗ 45 ਵਰਗ ਕਿਲੋਮੀਟਰ ਨੂੰ ਬੰਨ੍ਹਾਂ ਦੁਆਰਾ ਮੁੱਖ ਨਦੀ ਤੋਂ ਵੱਖ ਕਰ ਦਿੱਤਾ ਗਿਆ ਸੀ। ਨਦੀ ਵਿੱਚ ਕੁਦਰਤੀ ਰੇਤਲੇ ਟਾਪੂਆਂ ਦਾ ਖੇਤਰਫਲ, ਜੋ 1985 ਵਿੱਚ ਲਗਭਗ 20 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਸੀ, 2020 ਤੱਕ ਸੁੰਗੜ ਕੇ ਸਿਰਫ਼ ਚਾਰ ਵਰਗ ਕਿਲੋਮੀਟਰ ਰਹਿ ਗਿਆ ਸੀ। ਇਨ੍ਹਾਂ ਖੇਤਰਾਂ ਨੂੰ ਬਾਅਦ ਵਿੱਚ ਖੇਤੀਬਾੜੀ ਅਤੇ ਸ਼ਹਿਰੀ ਵਿਕਾਸ ਲਈ ਵਰਤਿਆ ਗਿਆ ਜਿਸ ਨਾਲ ਨਦੀ ਦੀ ਹੜ੍ਹ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਘੱਟ ਗਈ।
Posted inNew Delhi
ਯਮੁਨਾ ਨਦੀ 225 ਸਾਲਾਂ ’ਚ 68 ਫ਼ੀਸਦ ਸੁੰਗੜੀ

