ਚੜ੍ਹਾਵਾ ਚੋਰੀ ਦੇ ਪਛਤਾਵੇ ਵਜੋਂ ਰਾਮ ਮੰਦਰ ਟਰੱਸਟ ਵੱਲੋਂ ਸ਼ੁੱਧੀਕਰਨ

ਚੜ੍ਹਾਵਾ ਚੋਰੀ ਦੇ ਪਛਤਾਵੇ ਵਜੋਂ ਰਾਮ ਮੰਦਰ ਟਰੱਸਟ ਵੱਲੋਂ ਸ਼ੁੱਧੀਕਰਨ

ਅਯੁੱਧਿਆ : ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਲਈ ਧਾਰਮਿਕ ਰਸਮਾਂ ਦੀ ਪਰੰਪਰਾ ਕੋਈ ਨਵੀਂ ਨਹੀਂ ਹੈ ਪਰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ 10 ਰੋਜ਼ਾ ਸ਼ੁੱਧੀਕਰਨ ਰਸਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਉਦੇਸ਼ ਹਾਲ ਹੀ ਵਿੱਚ ਵਾਪਰੀ ਕਥਿਤ ਚੜ੍ਹਾਵੇ ਦੀ ਚੋਰੀ ਦੀ ਘਟਨਾ ਲਈ ਪ੍ਰਾਸ਼ਚਿਤ ਅਤੇ ਬ੍ਰਹਮ ਮੁਆਫ਼ੀ ਮੰਗਣਾ ਹੈ। ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਦੇਵ ਗਿਰੀ ਦੀ ਸੋਚ ’ਤੇ ਆਧਾਰਿਤ ਇਹ ਵਿਸ਼ੇਸ਼ ਸ਼ੁੱਧੀਕਰਨ ਰਸਮ ਅੱਜ ਸ਼ੁਰੂ ਹੋਈ। ਇਸ ਤਹਿਤ ਅਯੁੱਧਿਆ ਦੇ ਵੱਖ-ਵੱਖ ਗੁਰੂਕੁਲਾਂ ਵੱਲੋਂ ਵਿਸ਼ਨੂੰ ਸਹਸ੍ਰਨਾਮ ਸਤੋਤਰ ਪਾਠ ਕੀਤਾ ਜਾ ਰਿਹਾ ਹੈ। ਵਿਸ਼ਨੂੰ ਸਹਸ੍ਰਨਾਮ ਸਤੋਤਰ ਪਾਠ ਵਿੱਚ ਭਗਵਾਨ ਵਿਸ਼ਨੂੰ ਦੇ ਨਾਮ ਦਾ ਇੱਕ ਹਜ਼ਾਰ ਜਾਪ ਹੁੰਦਾ ਹੈ। ਹਿੰਦੂ ਵਿਸ਼ਵਾਸ ਮੁਤਾਬਕ ਇਹ ਰਸਮ ਸਕਾਰਾਤਮਕਤਾ, ਖ਼ੁਸ਼ਹਾਲੀ ਅਤੇ ਸ਼ੁਭ ਨਤੀਜੇ ਲਿਆਉਂਦੀ ਹੈ। ਗੋਵਿੰਦ ਦੇਵ ਗਿਰੀ ਨੇ ਕਿਹਾ, ‘‘ਚੜ੍ਹਾਵੇ ਦੀ ਚੋਰੀ ਮਗਰੋਂ ਟਰੱਸਟ ਨੇ ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਹਾਲ ਕਰਨ ਲਈ ਮੰਦਰ ਦੇ ਅਹਾਤੇ ਅਤੇ ਵੱਖ-ਵੱਖ ਗੁਰੂਕੁਲਾਂ ਵਿੱਚ ਪਸ਼ਚਾਤਾਪ ਅਤੇ ਸ਼ੁੱਧੀਕਰਨ ਲਈ 10 ਦਿਨਾਂ ਦੀ ਵਿਸ਼ੇਸ਼ ਪੂਜਾ-ਪਾਠ ਸ਼ੁਰੂ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਰੋਜ਼ਾਨਾ ਵਿਸ਼ਨੂੰ ਸਹਸ੍ਰਨਾਮ ਸਤੋਤਰ ਦੇ ਘੱਟੋ-ਘੱਟ 251 ਪਾਠ ਯਕੀਨੀ ਬਣਾਉਣਾ ਹੈ। -ਪੀਟੀਆਈ

‘ਆਸਥਾ ਨਾਲ ਧੋਖੇ’ ਸਬੰਧੀ ਮੋਦੀ ਸੰਸਦ ’ਚ ਚੁੱਪ ਤੋੜਨ: ਕਾਂਗਰਸ

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਰਾਮ ਮੰਦਰ ਦੇ ਚੜ੍ਹਾਵੇ ’ਚ ਹੋਈ ਚੋਰੀ ਅਤੇ ‘ਆਸਥਾ ਨਾਲ ਧੋਖੇ’ ਦੇ ਮੁੱਦੇ ’ਤੇ ਸੰਸਦ ਵਿੱਚ ਆਪਣੀ ਖ਼ਾਮੋਸ਼ੀ ਤੋੜਨ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਨੇ ਖ਼ੁਦ 5 ਫਰਵਰੀ, 2020 ਨੂੰ ਲੋਕ ਸਭਾ ’ਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਬਣਾਉਣ ਦਾ ਐਲਾਨ ਕੀਤਾ ਸੀ। ਇਸ ਟਰੱਸਟ ਦੇ ਸਾਰੇ ਮੈਂਬਰ ਪ੍ਰਧਾਨ ਮੰਤਰੀ ਵੱਲੋਂ ਹੀ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਟਰੱਸਟ ਨੇ ਕਰੋੜਾਂ ਭਾਰਤੀਆਂ ਦੀ ਆਸਥਾ ਨਾਲ ਧੋਖਾ ਕੀਤਾ ਹੈ। ਇਸ ਲਈ ਪ੍ਰਧਾਨ ਮੰਤਰੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੋਵੇਂ ਸਦਨਾਂ ਨੂੰ ਭਰੋਸੇ ਵਿੱਚ ਲੈ ਕੇ ਸਥਿਤੀ ਸਪੱਸ਼ਟ ਕਰਨ। ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੋਮਵਾਰ ਨੂੰ ਅਦਾਲਤ ’ਚ ਅੰਤਰਿਮ ਰਿਪੋਰਟ ਪੇਸ਼ ਕਰ ਸਕਦੀ ਹੈ।

Share: