Petrol Price Today: ਡੱਬਵਾਲੀ ’ਚ ਪੈਟਰੋਲ ਦੀ ਕੀਮਤ 100.81 ਰੁਪਏ ਲੀਟਰ ਹੋਈ

Petrol Price Today: ਡੱਬਵਾਲੀ ’ਚ ਪੈਟਰੋਲ ਦੀ ਕੀਮਤ 100.81 ਰੁਪਏ ਲੀਟਰ ਹੋਈ

ਡੱਬਵਾਲੀ: ਮਹਿਜ਼ ਚਾਰ ਦਿਨਾਂ ਅੰਦਰ ਦੂਜੀ ਵਾਰ ਹੋਏ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਰਿਆਣਾ ਦੇ ਸਰਹੱਦੀ ਖੇਤਰ ਡੱਬਵਾਲੀ ਵਿੱਚ ਪੈਟਰੋਲ ਦੀ ਕੀਮਤ ਇੱਕ ਵਾਰ ਫਿਰ 100 ਰੁਪਏ ਦਾ ਅੰਕੜਾ ਪਾਰ ਕਰ ਗਈ ਹੈ। ਅੱਜ ਸਵੇਰੇ 6 ਵਜੇ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਮੁਤਾਬਕ ਪੈਟਰੋਲ ਦੀ ਕੀਮਤ 100.81 ਰੁਪਏ ਪ੍ਰਤੀ ਲੀਟਰ ਤੱਕ ਜਾ ਪੁੱਜੀ ਹੈ। ਇਸ ਦੇ ਨਾਲ ਹੀ ਆਮ ਡੀਜ਼ਲ 93.23 ਤੋਂ ਵਧ ਕੇ 93.26 ਰੁਪਏ ਅਤੇ ਪ੍ਰੀਮੀਅਮ ਪੈਟਰੋਲ 109.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਿਸ ਕਾਰਨ ਆਮ ਜਨਤਾ ਦੀ ਜੇਬ ’ਤੇ ਬੋਝ ਹੋਰ ਵਧ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਜੁਲਾਈ 2021 ਨੂੰ ਡੱਬਵਾਲੀ ਖੇਤਰ ਵਿੱਚ ਪਹਿਲੀ ਵਾਰ ਪੈਟਰੋਲ ਨੇ 100.06 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂਹਿਆ ਸੀ। ਹੁਣ ਕਰੀਬ ਪੰਜ ਸਾਲਾਂ ਦੇ ਵਕਫ਼ੇ ਬਾਅਦ ਤੇਲ ਦੀਆਂ ਕੀਮਤਾਂ ਮੁੜ ਸੈਂਕੜੇ ਤੋਂ ਪਾਰ ਚਲੀਆਂ ਗਈਆਂ ਹਨ ਅਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਨ੍ਹਾਂ ਦੇ ਘਟਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਪੈਟਰੋਲ ਪੰਪ ਕਾਰੋਬਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ਦੀ ਉਥਲ-ਪੁਥਲ ਕਾਰਨ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਲਾਗਤ ਕਰੀਬ 135 ਰੁਪਏ ਪ੍ਰਤੀ ਲੀਟਰ ਪੈ ਰਹੀ ਹੈ। ਇਸ ਘਾਟੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ 125 ਰੁਪਏ ਤੱਕ ਪਹੁੰਚ ਸਕਦੀਆਂ ਹਨ ਅਤੇ ਕੰਪਨੀਆਂ ਵੱਲੋਂ ਤੇਲ ਦੀ ਸਪਲਾਈ ਸੀਮਿਤ ਕੀਤੇ ਜਾਣ ਦੇ ਸੰਕੇਤ ਵੀ ਮਿਲ ਰਹੇ ਹਨ। ਪੁਲੀਸ ਜ਼ਿਲ੍ਹਾ ਡੱਬਵਾਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤਿੰਨਾਂ ਸੂਬਿਆਂ ਦੀ ਸਰਹੱਦ ’ਤੇ ਸਥਿਤ ਹੈ। ਇਸ ਭੂਗੋਲਿਕ ਸਥਿਤੀ ਕਾਰਨ ਇੱਥੇ ਤੇਲ ਦੀਆਂ ਕੀਮਤਾਂ ਦਾ ਸਿੱਧਾ ਅਸਰ ਸਥਾਨਕ ਵਪਾਰ ਅਤੇ ਟਰਾਂਸਪੋਰਟ ’ਤੇ ਪੈਂਦਾ ਹੈ। ਦੱਸਣਯੋਗ ਹੈ ਕਿ ਗੁਆਂਢੀ ਸੂਬੇ ਪੰਜਾਬ ਵਿੱਚ 15 ਮਈ ਨੂੰ ਹੋਏ ਵਾਧੇ ਦੌਰਾਨ ਹੀ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਸੀ।

ਸਥਾਨਕ ਵਪਾਰੀਆਂ ਅਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤੇਲ ਮਹਿੰਗਾ ਹੋਣ ਨਾਲ ਮਾਲ ਢੁਆਈ (ਭਾੜਾ) ਦਾ ਖਰਚਾ ਸਿੱਧਾ ਵਧੇਗਾ। ਇਸ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ, ਕਿਉਂਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਸਬਜ਼ੀਆਂ ਅਤੇ ਰਾਸ਼ਨ ਦੀਆਂ ਕੀਮਤਾਂ ਵੀ ਇਸ ਦੇ ਨਾਲ ਹੀ ਅਸਮਾਨੀ ਚੜ੍ਹ ਜਾਣਗੀਆਂ।

Share: