ਮੁੰਬਈ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਹੱਲ ਲਈ ਅਮਰੀਕਾ ਅਤੇ ਇਰਾਨ ਵਿਚਾਲੇ ਕੋਈ ਸਮਝੌਤਾ ਨਾ ਹੋਣ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਦੀ ਅਮਨ ਤਜਵੀਜ਼ ਨੂੰ ‘ਨਾ-ਮਨਜ਼ੂਰ’ ਕਰਨ ਦੀ ਖ਼ਬਰ ਨੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਜਿਸ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਬੀਐੱਸਈ (BSE) ਸੈਂਸੈਕਸ 845.68 ਅੰਕ ਟੁੱਟ ਕੇ 76,482.51 ’ਤੇ ਆ ਗਿਆ।
ਇਸੇ ਤਰ੍ਹਾਂ ਐੱਨਐੱਸਈ (NSE) ਨਿਫ਼ਟੀ ਵੀ 237.90 ਅੰਕਾਂ ਦੀ ਗਿਰਾਵਟ ਨਾਲ 23,936.85 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦੀ ਕੀਮਤ 4.32 ਫ਼ੀਸਦੀ ਵਧ ਕੇ 105.7 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਿਸ ਨੇ ਮਹਿੰਗਾਈ ਦੇ ਖ਼ਦਸ਼ੇ ਵਧਾ ਦਿੱਤੇ ਹਨ। ਬਾਜ਼ਾਰ ਮਾਹਰਾਂ ਅਨੁਸਾਰ, ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਡਰ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਹਿਲਾ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਵਿਵਸਥਾ ’ਤੇ ਪੈ ਰਹੇ ਬੋਝ ਨੂੰ ਘਟਾਉਣ ਲਈ ਦੇਸ਼ਵਾਸੀਆਂ ਨੂੰ ਅਹਿਮ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਤੇਲੰਗਾਨਾ ਵਿੱਚ ਇੱਕ ਰੈਲੀ ਦੌਰਾਨ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀ ਸੰਜਮ ਨਾਲ ਵਰਤੋਂ ਕਰਨ, ਸੋਨੇ ਦੀ ਖ਼ਰੀਦ ਅਤੇ ਵਿਦੇਸ਼ੀ ਯਾਤਰਾਵਾਂ ਨੂੰ ਇੱਕ ਸਾਲ ਲਈ ਟਾਲਣ ਲਈ ਕਿਹਾ ਹੈ। ਉਨ੍ਹਾਂ ਮੈਟਰੋ ਰੇਲ, ਕਾਰਪੂਲਿੰਗ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਤਾਂ ਜੋ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਇਆ ਜਾ ਸਕੇ। ਬਾਜ਼ਾਰ ਵਿੱਚ ਟਾਈਟਨ, ਸਟੇਟ ਬੈਂਕ ਅਤੇ ਭਾਰਤੀ ਏਅਰਟੈੱਲ ਵਰਗੇ ਦਿੱਗਜ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ।

