ਚੇਨੱਈ: ਅਦਾਕਾਰੀ ਤੋਂ ਸਿਆਸਤ ਵਿੱਚ ਆਏ ਸੀ ਜੋਸੇਫ ਵਿਜੈ ਨੇ ਐਤਵਾਰ ਨੂੰ ਤਾਮਿਲ ਨਾਡੂ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿੱਚ ਰੱਖੇ ਸਮਾਗਮ ਦੌਰਾਨ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਵਿਜੈ ਨੂੰ ਹਲਫ਼ ਦਿਵਾਇਆ। ਵਿਜੈ ਤੋਂ ਇਲਾਵਾ ‘ਬਸੀ’ ਐੱਨ ਆਨੰਦ, ਆਧਵ ਅਰਜੁਨ, ਕੇ ਏ ਸੇਨਗੋਟਿਆਨ, ਕੇ ਜੀ ਅਰੁਣਰਾਜ, ਪੀ ਵੈਂਕਟਾਰਮਨਨ, ਸੀ ਟੀ ਆਰ ਨਿਰਮਲ ਕੁਮਾਰ, ਏ ਰਾਜਮੋਹਨ, ਕੀਰਤਨਾ ਤੇ ਕੇ ਟੀ ਪ੍ਰਭੂ ਨੇ ਮੰਤਰੀ ਵਜੋਂ ਹਲਫ਼ ਲਿਆ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਆਗੁੂ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਆਗੂ, ਵਿਜੈ ਦਾ ਪਰਿਵਾਰ, ਅਦਾਕਾਰਾ ਤ੍ਰਿਸ਼ਾ ਤੇ ਹੋਰ ਦੋਸਤ-ਮਿੱਤਰ ਹਾਜ਼ਰ ਸਨ। ਸਾਬਕਾ ਮੁੱਖ ਮੰਤਰੀਆਂ ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਤੇ ਅੰਨਾ ਡੀ ਐੱਮ ਕੇ ਮੁਖੀ ਈ ਕੇ ਪਲਾਨੀਸਵਾਮੀ, ਵਿਜੈ ਦੀ ਪਤਨੀ ਸੰਗੀਤਾ ਤੇ ਦੋ ਬੱਚੇ ਇਸ ਮੌਕੇ ਗੈਰ-ਹਾਜ਼ਰ ਰਹੇ। ਹਲਫ਼ਦਾਰੀ ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ, ਰਾਸ਼ਟਰੀ ਗੀਤ ਤੇ ਤਾਮਿਲ ਰਾਸ਼ਟਰੀ ਗੀਤ ਨਾਲ ਹੋਈ। ਵਿਜੈ ਨੇ ਹਲਫ਼ਦਾਰੀ ਸਮਾਗਮ ਨੂੰ ਜ਼ਬਰਦਸਤ ਭਾਸ਼ਣ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਉਹ ਨਿਰਧਾਰਤ ਸਕਰਿਪਟ ਤੋਂ ਭਟਕ ਗਏ ਤੇ ਉਨ੍ਹਾਂ ਆਪਣੀ ਤਾਕਤ ਅਤੇ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਲਈ ਹੱਥਾਂ ਦੇ ਇਸ਼ਾਰਿਆਂ ਦੀ ਵਰਤੋਂ ਕੀਤੀ। ਹਾਲਾਂਕਿ ਰਾਜਪਾਲ ਅਰਲੇਕਰ ਨੇ ਹਦਾਇਤ ਕੀਤੀ ਕਿ ਉਹ ਖ਼ੁਦ ਨੂੰ ਅਧਿਕਾਰਤ ਸਹੁੰ ਤੱਕ ਹੀ ਸੀਮਤ ਰੱਖਣ। ਵਿਜੈ ਦੀ ਪਾਰਟੀ ਟੀ ਵੀ ਕੇ (ਤਾਮਿਲ ਵੈਤਰੀ ਕੜਗਮ) 234 ਮੈਂਬਰੀ ਅਸੈਂਬਲੀ ਵਿੱਚ 108 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਅਦਾਕਾਰ ਕਾਂਗਰਸ, ਵੀ ਸੀ ਕੇ, ਸੀ ਪੀ ਆਈ, ਸੀ ਪੀ ਆਈ (ਐੱਮ) ਤੇ ਆਈ ਯੂ ਐੱਮ ਐੱਲ ਦੀ ਹਮਾਇਤ ਨਾਲ 120 ਵਿਧਾਇਕਾਂ ਦੀ ਹਮਾਇਤ ਜੁਟਾਉਣ ਵਿੱਚ ਸਫਲ ਰਿਹਾ। ਸਰਕਾਰ ਬਣਾਉਣ ਲਈ 118 ਦਾ ਅੰਕੜਾ ਲੋੜੀਂਦਾ ਸੀ। ਟੀ ਵੀ ਕੇ ਮੁਖੀ ਤੇ ਮੁੱਖ ਮੰਤਰੀ ਵਿਜੈ ਨੇ ਐਤਵਾਰ ਨੂੰ ਤਿਰੂਚਿਰਾਪੱਲੀ ਪੂਰਬੀ ਹਲਕੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਪੇਰਾਂਬੁਰ ਹਲਕੇ ਤੋਂ ਮੈਂਬਰੀ ਕਾਇਮ ਰੱਖੀ। ਅਦਾਕਾਰ ਨੇ ਅਸੈਂਬਲੀ ਚੋਣਾਂ ਦੌਰਾਨ ਦੋ ਹਲਕਿਆਂ ਤੋਂ ਚੋਣ ਲੜੀ ਸੀ। ਟੀ ਵੀ ਕੇ ਵਿਧਾਇਕ ਐੱਮ ਵੀ ਕਰੂਪੱਈਆ ਨੇ ਐਤਵਾਰ ਨੂੰ ਪ੍ਰੋ-ਟੈੱਮ ਸਪੀਕਰ ਵਜੋਂ ਹਲਫ਼ ਲਿਆ। ਰਾਜਪਾਲ ਰਾਜੇਂਦਰ ਅਰਲੇਕਰ ਨੇ ਲੋਕ ਭਵਨ ਵਿੱਚ ਰੱਖੇ ਸਾਦੇ ਸਮਾਗਮ ਦੌਰਾਨ ਕਰੂਪੱਈਆ ਨੂੰ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਜੋੋਸੇਫ ਸੀ ਵਿਜੈ ਵੀ ਮੌਜੂਦ ਸਨ। ਅੰਨਾ ਡੀ ਐੱਮ ਕੇ ਛੱਡ ਕੇ ਟੀ ਵੀ ਕੇ ਵਿੱਚ ਸ਼ਾਮਲ ਹੋਏ ਕਰੂਪੱਈਆ ਨੇ ਸ਼ੋਲਾਵੰਦਨ ਹਲਕੇ ਤੋਂ ਚੋਣ ਜਿੱਤੀ ਹੈ। ਨਵੀਂ ਚੁਣੀ ਅਸੈਂਬਲੀ ਦੇ ਮੈਂਬਰ ਸੋਮਵਾਰ ਨੂੰ ਹਲਫ਼ ਲੈਣਗੇ। ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ 12 ਮਈ ਨੂੰ ਹੋਵੇਗੀ। -ਪੀਟੀਆਈ ਬਾਕਸ ਧਰਮ ਨਿਰਪੱਖ ਤੇ ਸਮਾਜਿਕ ਨਿਆਂ ਵਾਲੇ ਨਵੇਂ ਯੁੱਗ ਦੀ ਸ਼ੁਰੂਆਤ: ਵਿਜੈ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਵਿਜੈ ਨੇ ਕਿਹਾ, ‘‘ਇਹ ਸੱਜਰੀ ਤੇ ਨਵੀਂ ਸ਼ੁਰੂਆਤ ਹੈ। ਅਸਲ, ਧਰਮ ਨਿਰਪੱਖ, ਸਮਾਜਿਕ ਨਿਆਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।’’ ਵਿਜੈ ਨੇ ਖ਼ਾਲਸ ਤਾਮਿਲ ਭਾਸ਼ਾ ਵਿੱਚ ਦਿੱਤੀ ਭਾਵੁਕ ਤਕਰੀਰ ਵਿੱਚ ਕਿਹਾ ਕਿ ਉਹ ਕਿਸੇ ਸ਼ਾਹੀ ਖ਼ਾਨਦਾਨ ਵਿੱਚੋਂ ਨਹੀਂ ਹੈ। ਲੋਕਾਂ ਨੇ ਉਸ ਦਾ ‘ਸਵਾਗਤ’ ਕੀਤਾ ਹੈ ਤੇ ਉਸ ਨੂੰ ‘ਸਵੀਕਾਰ’ ਕੀਤਾ ਹੈ, ਤੇ ਉਹ ਕਦੇ ਵੀ ਝੂਠੇ ਵਾਅਦਿਆਂ ਨਾਲ ਉਨ੍ਹਾਂ ਨੂੰ ਧੋਖਾ ਨਹੀਂ ਦੇਵੇਗਾ। ਉਨ੍ਹਾਂ ਪਿਛਲੀ ਡੀ ਐੱਮ ਕੇ ਸਰਕਾਰ ਉੱਤੇ ਸੂਬੇ ਦੇ ਲੋਕਾਂ ਉੱਤੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਾਉਣ ਦਾ ਦੋਸ਼ ਲਾਇਆ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਉਸ ਨੂੰ ਕੰਮ ਕਰਨ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਸਮਾਂ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਕਤੀ ਦਾ ਸਿਰਫ਼ ਇੱਕ ਹੀ ਕੇਂਦਰ ਹੈ ਅਤੇ ਉਹ ਵਿਜੈ ਖ਼ੁਦ ਹੈ। ਉਨ੍ਹਾਂ ਟੀ ਵੀ ਕੇ ਦੀ ਹਮਾਇਤ ਕਰਨ ਵਾਲੇ ਆਗੂਆਂ ਖ਼ਾਸ ਕਰ ਕੇ ਰਾਹੁਲ ਗਾਂਧੀ ਤੇ ਖੱਬੇ ਪੱਖੀ ਆਗੂਆਂ ਦਾ ਧੰਨਵਾਦ ਕੀਤਾ। ਅਦਾਕਾਰ ਨੇ ਮੰਚ ਉੱਤੇ ਮੌਜੂਦ ਸ਼ਖ਼ਸੀਅਤਾਂ ਤੇ ਹਜੂਮ ਨਾਲ ਸੈਲਫੀਆਂ ਲੈ ਕੇ ਆਪਣੀ ਤਕਰੀਰ ਮੁਕਾਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਸੀ ਜੋਸਫ਼ ਵਿਜੈ ਨੂੰ ਵਧਾਈ ਦਿੱਤੀ ਹੈ। ਬਾਕਸ ਮੁਫ਼ਤ ਬਿਜਲੀ, ਔਰਤਾਂ ਦੀ ਸੁਰੱਖਿਆ ਦਾ ਵਾਅਦਾ ਪੁਗਾਇਆ ਵਿਜੈ ਨੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਬਿਜਲੀ, ਮਹਿਲਾਵਾਂ ਦੀ ਸੁਰੱਖਿਆ ਤੇ ਨਸ਼ਿਆਂ ਦੇ ਖ਼ਾਤਮੇ ਨਾਲ ਸਬੰਧਤ ਤਿੰਨ ਚੋਣ ਵਾਅਦੇ ਪੂਰੇ ਕੀਤੇ। ਹੁਕਮਾਂ ਤਹਿਤ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਹੁਣ 200 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਔਰਤਾਂ ਦੀ ਸੁਰੱਖਿਆ ਲਈ ‘ਸਿੰਗਾ ਪੈੱਨ ਸਪੈਸ਼ਲ ਐਕਸ਼ਨ ਫੋਰਸ’ ਸਥਾਪਤ ਕੀਤੀ ਜਾਵੇਗੀ। ਨਸ਼ਿਆਂ ਨਾਲ ਜੁੜੇ ਅਪਰਾਧਾਂ ਨੂੰ ਨੱਥ ਪਾਉਣ ਲਈ 65 ‘ਐਂਟੀ ਨਾਰਕੋਟਿਕਸ ਟਾਸਕ ਫੋਰਸ’ ਯੂਨਿਟ ਬਣਾਏ ਜਾਣਗੇ। ਹਰੇਕ ਜ਼ਿਲ੍ਹੇ ਵਿੱਚ ਅਜਿਹੀ ਇਕ ਯੂਨਿਟ ਹੋਵੇਗੀ ਜਦੋਂਕਿ ਬਾਕੀ ਯੂਨਿਟਾਂ ਨੌਂ ਪ੍ਰਮੁੱਖ ਸ਼ਹਿਰਾਂ ’ਚ ਸਥਾਪਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸਿਖਰਲੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਅਮਨ ਕਾਨੂੰਨ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।
ਧਰਮ ਨਿਰਪੱਖ ਤੇ ਸਮਾਜਿਕ ਨਿਆਂ ਵਾਲੇ ਨਵੇਂ ਯੁੱਗ ਦੀ ਸ਼ੁਰੂਆਤ: ਵਿਜੈ
ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਵਿਜੈ ਨੇ ਕਿਹਾ, ‘‘ਇਹ ਸੱਜਰੀ ਤੇ ਨਵੀਂ ਸ਼ੁਰੂਆਤ ਹੈ। ਅਸਲ, ਧਰਮ ਨਿਰਪੱਖ, ਸਮਾਜਿਕ ਨਿਆਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।’’ ਵਿਜੈ ਨੇ ਖ਼ਾਲਸ ਤਾਮਿਲ ਭਾਸ਼ਾ ਵਿੱਚ ਦਿੱਤੀ ਭਾਵੁਕ ਤਕਰੀਰ ਵਿੱਚ ਕਿਹਾ ਕਿ ਉਹ ਕਿਸੇ ਸ਼ਾਹੀ ਖ਼ਾਨਦਾਨ ਵਿੱਚੋਂ ਨਹੀਂ ਹੈ। ਲੋਕਾਂ ਨੇ ਉਸ ਦਾ ‘ਸਵਾਗਤ’ ਕੀਤਾ ਹੈ ਤੇ ਉਸ ਨੂੰ ‘ਸਵੀਕਾਰ’ ਕੀਤਾ ਹੈ, ਤੇ ਉਹ ਕਦੇ ਵੀ ਝੂਠੇ ਵਾਅਦਿਆਂ ਨਾਲ ਉਨ੍ਹਾਂ ਨੂੰ ਧੋਖਾ ਨਹੀਂ ਦੇਵੇਗਾ। ਉਨ੍ਹਾਂ ਪਿਛਲੀ ਡੀ ਐੱਮ ਕੇ ਸਰਕਾਰ ਉੱਤੇ ਸੂਬੇ ਦੇ ਲੋਕਾਂ ਉੱਤੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਾਉਣ ਦਾ ਦੋਸ਼ ਲਾਇਆ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਉਸ ਨੂੰ ਕੰਮ ਕਰਨ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਸਮਾਂ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਕਤੀ ਦਾ ਸਿਰਫ਼ ਇੱਕ ਹੀ ਕੇਂਦਰ ਹੈ ਅਤੇ ਉਹ ਵਿਜੈ ਖ਼ੁਦ ਹੈ। ਉਨ੍ਹਾਂ ਟੀ ਵੀ ਕੇ ਦੀ ਹਮਾਇਤ ਕਰਨ ਵਾਲੇ ਆਗੂਆਂ ਖ਼ਾਸ ਕਰ ਕੇ ਰਾਹੁਲ ਗਾਂਧੀ ਤੇ ਖੱਬੇ ਪੱਖੀ ਆਗੂਆਂ ਦਾ ਧੰਨਵਾਦ ਕੀਤਾ। ਅਦਾਕਾਰ ਨੇ ਮੰਚ ਉੱਤੇ ਮੌਜੂਦ ਸ਼ਖ਼ਸੀਅਤਾਂ ਤੇ ਹਜੂਮ ਨਾਲ ਸੈਲਫੀਆਂ ਲੈ ਕੇ ਆਪਣੀ ਤਕਰੀਰ ਮੁਕਾਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਸੀ ਜੋਸਫ਼ ਵਿਜੈ ਨੂੰ ਵਧਾਈ ਦਿੱਤੀ ਹੈ।
ਮੁਫ਼ਤ ਬਿਜਲੀ, ਔਰਤਾਂ ਦੀ ਸੁਰੱਖਿਆ ਦਾ ਵਾਅਦਾ ਪੁਗਾਇਆ
ਵਿਜੈ ਨੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਬਿਜਲੀ, ਮਹਿਲਾਵਾਂ ਦੀ ਸੁਰੱਖਿਆ ਤੇ ਨਸ਼ਿਆਂ ਦੇ ਖ਼ਾਤਮੇ ਨਾਲ ਸਬੰਧਤ ਤਿੰਨ ਚੋਣ ਵਾਅਦੇ ਪੂਰੇ ਕੀਤੇ। ਹੁਕਮਾਂ ਤਹਿਤ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਹੁਣ 200 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਔਰਤਾਂ ਦੀ ਸੁਰੱਖਿਆ ਲਈ ‘ਸਿੰਗਾ ਪੈੱਨ ਸਪੈਸ਼ਲ ਐਕਸ਼ਨ ਫੋਰਸ’ ਸਥਾਪਤ ਕੀਤੀ ਜਾਵੇਗੀ। ਨਸ਼ਿਆਂ ਨਾਲ ਜੁੜੇ ਅਪਰਾਧਾਂ ਨੂੰ ਨੱਥ ਪਾਉਣ ਲਈ 65 ‘ਐਂਟੀ ਨਾਰਕੋਟਿਕਸ ਟਾਸਕ ਫੋਰਸ’ ਯੂਨਿਟ ਬਣਾਏ ਜਾਣਗੇ। ਹਰੇਕ ਜ਼ਿਲ੍ਹੇ ਵਿੱਚ ਅਜਿਹੀ ਇਕ ਯੂਨਿਟ ਹੋਵੇਗੀ ਜਦੋਂਕਿ ਬਾਕੀ ਯੂਨਿਟਾਂ ਨੌਂ ਪ੍ਰਮੁੱਖ ਸ਼ਹਿਰਾਂ ’ਚ ਸਥਾਪਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸਿਖਰਲੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਅਮਨ ਕਾਨੂੰਨ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।

