Garbage Dump: ਕੂੜੇ ਦੇ ਢੇਰਾਂ ’ਚੋਂ ਨਿਕਲਦਾ ਧੂੰਆਂ ਮੁਸੀਬਤ ਬਣਿਆ

Garbage Dump: ਕੂੜੇ ਦੇ ਢੇਰਾਂ ’ਚੋਂ ਨਿਕਲਦਾ ਧੂੰਆਂ ਮੁਸੀਬਤ ਬਣਿਆ

ਲੁਧਿਆਣਾ (ਮਨੀਸ਼ ਰਿਹਾਨ) : ਲੁਧਿਆਣਾ ਦੇ ਤਾਜਪੁਰ ਰੋਡ ’ਤੇ ਸੂਬੇ ਦਾ ਸਭ ਤੋਂ ਵੱਡਾ ਕੂੜਾ ਡੰਪ ਬਣਿਆ ਹੋਇਆ ਹੈ। ਪਹਿਲੀ ਨਜ਼ਰੇ ਦੇਖਣ ਨੂੰ ਵੱਡੇ-ਵੱਡੇ ਪਹਾੜ ਲੱਗਦੇ ਇਸ ਕੂੜਾ ਡੰਪ ’ਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚੋਂ ਹਜ਼ਾਰਾਂ ਟਨ ਪੈਦਾ ਹੁੰਦਾ ਕੂੜਾ ਲਿਆ ਕੇ ਸੁੱਟਿਆ ਜਾ ਰਿਹਾ ਹੈ। ਇਸ ਕੂੜਾ ਡੰਪ ’ਤੇ ਗਰਮੀਆਂ ਵਿੱਚ ਅੱਗ ਲੱਗਣ ਨਾਲ ਦਿਨ-ਰਾਤ ਨਿਕਲਦੇ ਜ਼ਹਿਰੀਲੇ ਧੂੰਏ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਦੂਜੇ ਪਾਸੇ, ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਰ ਕੇ ਕੂੜੇ ਦੇ ਅੰਦਰ ਮੀਥੇਨ ਗੈਸ ਬਣ ਜਾਂਦੀ ਹੈ ਜਿਸ ਕਰ ਕੇ ਆਪਣੇ-ਆਪ ਅੱਗ ਲੱਗ ਜਾਂਦੀ ਹੈ।

ਇਸ ਕੂੜਾ ਡੰਪ ਨੂੰ ਖ਼ਤਮ ਕਰਨ ਲਈ ਕਈ ਸਾਲਾਂ ਤੋਂ ਵੱਖ-ਵੱਖ ਪ੍ਰਾਜੈਕਟ ਵੀ ਲਾਏ ਗਏ ਪਰ ਹਾਲੇ ਤੱਕ ਇਹ ਕੂੜੇ ਦੇ ਪਹਾੜ ਛੋਟੇ ਹੋਣ ਦਾ ਨਾਂ ਨਹੀਂ ਲੈ ਰਹੇ। ਹੁਣ ਤਾਂ ਇਸ ਕੂੜਾ ਡੰਪ ਦੇ ਆਲੇ-ਦੁਆਲੇ ਵੀ ਕਈ ਮੁਹੱਲੇ ਆਬਾਦ ਹੋ ਗਏ ਹਨ। ਗਰਮੀਆਂ ਵਿੱਚ ਇਹ ਕੂੜਾ ਨਾ ਸਿਰਫ਼ ਸੜਾਂਦ ਮਾਰਦਾ ਹੈ ਸਗੋਂ ਕਈ ਵਾਰ ਇਸ ਵਿੱਚੋਂ ਅੱਗ ਦੀਆਂ ਲਪਟਾਂ ਵੀ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੱਗ ਬੁਝਣ ਤੋਂ ਬਾਅਦ ਕਈ-ਕਈ ਦਿਨ ਜ਼ਹਿਰੀਲਾ ਧੂੰਆਂ ਨਿਕਲਦਾ ਰਹਿੰਦਾ ਹੈ ਜੋ ਨਾ ਸਿਰਫ਼ ਆਸਪਾਸ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦਾ ਹੈ ਸਗੋਂ ਹਵਾ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ।ਪਿਛਲੇ ਸਾਲਾਂ ਦੌਰਾਨ ਤਾਂ ਇਸ ਅੱਗ ਦੀ ਲਪੇਟ ਵਿੱਚ ਕਈ ਝੁੱਗੀਆਂ ਆਉਣ ਕਾਰਨ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਕੂੜਾ ਡੰਪ ਦੇ ਕਰੀਬ ਇੱਕ ਕਿਲੋਮੀਟਰ ਘੇਰੇ ਵਿੱਚ ਸਵੇਰੇ-ਸ਼ਾਮ ਲੋਕਾਂ ਨੂੰ ਸ਼ੁੱਧ ਹਵਾ ਦੀ ਥਾਂ ਜ਼ਹਿਰਲੇ ਧੂੰਏਂ ਵਾਲੀ ਹਵਾ ਵਿੱਚ ਹੀ ਸਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।  ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਇਹੋ ਜਵਾਬ ਹੁੰਦਾ ਹੈ ਕਿ ਕੂੜੇ ਦੇ ਢੇਰ ਦੇ ਅੰਦਰ ਮੀਥੇਨ ਗੈਸ ਬਣਦੀ ਹੈ ਜਿਸ ਨਾਲ ਕੂੜੇ ਨੂੰ ਅੱਗ ਲੱਗ ਜਾਂਦੀ ਹੈ।

Share: