ਬੀ.ਸੀ.ਸੀ.ਆਈ. ਨੇ Arshdeep Singh ਦੇ ਵਲੌਗ ਬਣਾਉਣ ’ਤੇ ਰੋਕ ਲਾਈ

ਬੀ.ਸੀ.ਸੀ.ਆਈ. ਨੇ Arshdeep Singh ਦੇ ਵਲੌਗ ਬਣਾਉਣ ’ਤੇ ਰੋਕ ਲਾਈ

ਚੰਡੀਗੜ੍ਹ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਕ੍ਰਿਕਟ ਖਿਡਾਰੀ ਅਤੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਲਈ ਵਲੌਗ (Vlogging) ਨਾ ਬਣਾਉਣ ਦੀ ਹਦਾਇਤ ਕੀਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਨੇ ਅਰਸ਼ਦੀਪ ਨੂੰ ਹਦਾਇਤ ਦਿੱਤੀ ਹੈ ਕਿ ਉਹ ਟੂਰਨਾਮੈਂਟ ਦੇ ਬਾਕੀ ਰਹਿੰਦੇ ਸਮੇਂ ਲਈ ਕੋਈ ਵੀ ਵਲੌਗ ਪੋਸਟ ਨਾ ਕਰਨ।

ਇਹ ਨਿਰਦੇਸ਼ ਉਸ ਸਮੇਂ ਆਇਆ ਹੈ ਜਦੋਂ ਅਰਸ਼ਦੀਪ ਦੇ ਸਾਥੀ ਖਿਡਾਰੀ ਯੁਜਵਿੰਦਰ ਚਾਹਲ ਇੱਕ ਵਿਵਾਦ ਵਿੱਚ ਫਸ ਗਏ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਦੋਸ਼ ਲਗਾਇਆ ਹੈ ਕਿ ਅਰਸ਼ਦੀਪ ਦੇ ਇੱਕ ਤਾਜ਼ਾ ਵਲੌਗ ਵਿੱਚ ਚਾਹਲ ਜਹਾਜ਼ ਦੇ ਅੰਦਰ ਈ-ਸਿਗਰੇਟ ਦੀ ਵਰਤੋਂ ਕਰ ਰਹੇ ਹਨ। ਇਹ ਘਟਨਾ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਟੀਮ ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਚਾਹਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੂਰਾ ਧਿਆਨ ਆਪਣੀ ਫਿਟਨੈਸ ‘ਤੇ ਹੈ। ਆਈ.ਪੀ.ਐੱਲ. (IPL) ਵਿੱਚ ਕਿਸੇ ਖਿਡਾਰੀ ਦਾ ਵੇਪਿੰਗ ਵਿਵਾਦ ਵਿੱਚ ਫਸਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ਵਿੱਚ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਮੁੱਲਾਂਪੁਰ ਵਿੱਚ ਪੰਜਾਬ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਡਰੈਸਿੰਗ ਰੂਮ ਵਿੱਚ ਵੇਪ ਦੀ ਵਰਤੋਂ ਕਰਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ। ਅਰਸ਼ਦੀਪ ਸਿੰਘ ਅਕਸਰ ਆਪਣੀਆਂ ਮਜ਼ਾਕੀਆ ਵੀਡੀਓਜ਼ ਕਾਰਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ, ਪਰ ਹੁਣ ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਪਵੇਗਾ।

ਕੀ ਹੁੰਦੀ ਹੈ ਵੇਪਿੰਗ

ਵੇਪਿੰਗ (Vaping) ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਇਲੈਕਟ੍ਰਾਨਿਕ ਯੰਤਰ (ਜਿਵੇਂ ਕਿ ਈ-ਸਿਗਰੇਟ) ਦੀ ਵਰਤੋਂ ਕਰਕੇ ਭਾਫ਼ ਨੂੰ ਸਾਹ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ। ਇਹ ਰਵਾਇਤੀ ਤੰਬਾਕੂ ਸਿਗਰੇਟ ਦੇ ਮੁਕਾਬਲੇ ਇੱਕ ਵੱਖਰਾ ਤਰੀਕਾ ਹੈ, ਕਿਉਂਕਿ ਇਸ ਵਿੱਚ ਧੂੰਆਂ ਨਹੀਂ, ਬਲਕਿ ਭਾਫ਼ (Aerosol) ਪੈਦਾ ਹੁੰਦੀ ਹੈ।

Share: