ਮੁਹਾਲੀ : ਸਬ-ਡਿਵੀਜ਼ਨਲ ਹਸਪਤਾਲ ਖਰੜ ਵਿੱਚ ਸ਼ਰਾਰਤੀ ਅਨਸਰਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ ਅਤੇ ਹਸਪਤਾਲ ਵਿੱਚ ਸੁਰੱਖਿਆ ਗਾਰਡ ਵਰਗੀ ਬੁਨਿਆਦੀ ਸਹੂਲਤ ਵੀ ਮੌਜੂਦ ਨਹੀਂ ਹੈ। ਖਰੜ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਕੁੱਟਮਾਰ ਦੀ ਘਟਨਾ ਨੂੰ ਅਜੇ ਮਹੀਨਾ ਹੀ ਬੀਤਿਆ ਹੈ ਕਿ ਹੁਣ ਇੱਕ ਹੋਰ ਮਹਿਲਾ ਡਾਕਟਰ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋ ਗਈ ਹੈ। ਸੋਮਵਾਰ ਦੁਪਹਿਰ ਨੂੰ ਹਸਪਤਾਲ ਦੇ ਕਮਰੇ ਵਿੱਚੋਂ ਇੱਕ ਮਹਿਲਾ ਮੈਡੀਕਲ ਅਫ਼ਸਰ ਦਾ ਪਰਸ ਚੋਰੀ ਕਰ ਲਿਆ ਗਿਆ।
ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ, ਸਬ-ਡਿਵੀਜ਼ਨਲ ਹਸਪਤਾਲ ਖਰੜ ਵਿਖੇ ਬੱਚਿਆਂ ਦੀ ਓ.ਪੀ.ਡੀ. (Children OPD) ਵਿੱਚ ਤਾਇਨਾਤ ਮੈਡੀਕਲ ਅਫ਼ਸਰ ਡਾ. ਇੰਦਰਪ੍ਰੀਤ ਕੌਰ ਕਮਰਾ ਨੰਬਰ 6 ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਡਿਊਟੀ ’ਤੇ ਸਨ। ਦੁਪਹਿਰ ਕਰੀਬ 2:45 ਵਜੇ ਉਹ ਆਪਣਾ ਪਰਸ ਮੇਜ਼ ’ਤੇ ਰੱਖ ਕੇ ਵਾਸ਼ਰੂਮ ਗਏ ਸਨ। ਜਦੋਂ ਉਹ ਮਹਿਜ਼ ਦੋ ਮਿੰਟ ਬਾਅਦ ਵਾਪਸ ਪਰਤੇ ਤਾਂ ਉਨ੍ਹਾਂ ਦਾ ਪਰਸ ਗਾਇਬ ਸੀ। ਪਰਸ ਵਿੱਚ 5,000 ਰੁਪਏ ਨਕਦ, ਅਹਿਮ ਦਸਤਾਵੇਜ਼ ਅਤੇ ਰੋਜ਼ਾਨਾ ਵਰਤੋਂ ਦਾ ਸਾਮਾਨ ਮੌਜੂਦ ਸੀ।
ਸੀ.ਸੀ.ਟੀ.ਵੀ. ’ਚ ਚਿੱਟੀ ਸਕੂਟੀ ’ਤੇ ਫ਼ਰਾਰ ਹੁੰਦੇ ਦਿਖੇ ਮੁਲਜ਼ਮ
ਹਸਪਤਾਲ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਪਰਸ ਚੋਰੀ ਕਰਕੇ ਲੈ ਗਿਆ। ਬਾਅਦ ਵਿੱਚ ਦੋ ਮੁਲਜ਼ਮ ਇੱਕ ਚਿੱਟੇ ਰੰਗ ਦੀ ਸਕੂਟੀ ’ਤੇ ਫ਼ਰਾਰ ਹੁੰਦੇ ਦਿਖਾਈ ਦਿੱਤੇ।
ਡਾਕਟਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਖਰੜ ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 305 ਅਤੇ 331(3) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਦੇ ਐਲਾਨ ਦੇ ਇੱਕ ਮਹੀਨੇ ਬਾਅਦ ਵੀ ਨਹੀਂ ਮਿਲੀ ਸੁਰੱਖਿਆ
ਜ਼ਿਕਰਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਖਰੜ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਇੱਕ ਮਹਿਲਾ ਡਾਕਟਰ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਬ-ਡਿਵੀਜ਼ਨਲ ਹਸਪਤਾਲ ਵਿਖੇ ਪੈਸਕੋ (PESCO) ਦੇ ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਭਰੋਸਾ ਦਿੱਤਾ ਸੀ। ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਕੀਤਾ ਗਿਆ ਹੈ।
ਇਹ ਸਥਿਤੀ ਉਦੋਂ ਬਣੀ ਹੋਈ ਹੈ ਜਦੋਂ ਸੂਬਾ ਸਰਕਾਰ ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਟਾਫ਼ ਵੱਲੋਂ ਸਮੇਂ-ਸਮੇਂ ’ਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ। ਸਿਰਫ਼ ਖਰੜ ਹੀ ਨਹੀਂ, ਸਗੋਂ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਸਰਕਾਰੀ ਹਸਪਤਾਲ ਵੀ ਸੁਰੱਖਿਆ ਪ੍ਰਬੰਧਾਂ ਤੋਂ ਸੱਖਣੇ ਹਨ, ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਖ਼ੁਦ ਇਨ੍ਹਾਂ ਹਸਪਤਾਲਾਂ ਵਿੱਚ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ।

