ਵਾਸ਼ਿੰਗਟਨ ; ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਅਤੇ ਚੀਨ ਸਮੇਤ ਕਈ ਹੋਰ ਦੇਸ਼ਾਂ ’ਤੇ ਦਰਾਮਦ ਟੈਰਿਫ (Tariffs) ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ‘ਦਿ ਵਾਲ ਸਟਰੀਟ ਜਰਨਲ’ (Wall Street Journal) ਦੀ ਇੱਕ ਰਿਪੋਰਟ ਅਨੁਸਾਰ, ਵਿਦੇਸ਼ੀ ਉਦਯੋਗਿਕ ਸਬਸਿਡੀਆਂ ਅਤੇ ਵਾਧੂ ਉਤਪਾਦਨ ਸਮਰੱਥਾ (Excess capacity) ਸਬੰਧੀ ਚੱਲ ਰਹੀ ਜਾਂਚ ਦੇ ਨਤੀਜਿਆਂ ਦਾ ਐਲਾਨ ਅਮਰੀਕੀ ਵਪਾਰ ਪ੍ਰਤੀਨਿਧੀ (USTR) ਜੇਮੀਸਨ ਗ੍ਰੀਰ ਵੱਲੋਂ ਇਸੇ ਹਫ਼ਤੇ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਚੀਨ ’ਤੇ ਸਭ ਤੋਂ ਵੱਧ ਟੈਰਿਫ ਲਗਾਏ ਜਾਣ ਦੀ ਸੰਭਾਵਨਾ ਹੈ।
‘ਸੈਕਸ਼ਨ 301’ ਤਹਿਤ 16 ਅਰਥਵਿਵਸਥਾਵਾਂ ਖ਼ਿਲਾਫ਼ ਚੱਲ ਰਹੀ ਹੈ ਜਾਂਚ
ਜ਼ਿਕਰਯੋਗ ਹੈ ਕਿ ਬੀਤੇ ਮਾਰਚ ਮਹੀਨੇ ਵਿੱਚ ਯੂ.ਐੱਸ.ਟੀ.ਆਰ. (USTR) ਨੇ 16 ਅਰਥਵਿਵਸਥਾਵਾਂ ਵਿਰੁੱਧ ਇਸ ਖਦਸ਼ੇ ਤਹਿਤ ਜਾਂਚ ਸ਼ੁਰੂ ਕੀਤੀ ਸੀ ਕਿ ਇਨ੍ਹਾਂ ਦੇਸ਼ਾਂ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਬਸਿਡੀਆਂ ਵਿਦੇਸ਼ੀ ਨਿਰਮਾਤਾਵਾਂ ਨੂੰ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਅਣਉਚਿਤ ਲਾਭ ਪਹੁੰਚਾਉਂਦੀਆਂ ਹਨ। ਇਹ ਜਾਂਚ 1974 ਦੇ ਵਪਾਰ ਐਕਟ ਦੀ ‘ਸੈਕਸ਼ਨ 301’ (Section 301) ਤਹਿਤ ਕੀਤੀ ਜਾ ਰਹੀ ਹੈ, ਜੋ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਅਣਉਚਿਤ ਵਪਾਰਕ ਨੀਤੀਆਂ ਅਪਣਾਉਣ ਵਾਲੇ ਦੇਸ਼ਾਂ ਵਿਰੁੱਧ ਟੈਰਿਫ ਜਾਂ ਹੋਰ ਸਜ਼ਾਯੋਗ ਕਾਰਵਾਈ ਕਰਨ ਦਾ ਅਧਿਕਾਰ ਦਿੰਦੀ ਹੈ। ਇਸ ਜਾਂਚ ਦੇ ਘੇਰੇ ਵਿੱਚ ਭਾਰਤ, ਚੀਨ, ਯੂਰਪੀ ਸੰਘ (EU), ਜਾਪਾਨ, ਦੱਖਣੀ ਕੋਰੀਆ ਅਤੇ ਮੈਕਸੀਕੋ ਤੋਂ ਇਲਾਵਾ ਤਾਈਵਾਨ, ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਕੰਬੋਡੀਆ, ਸਿੰਗਾਪੁਰ, ਇੰਡੋਨੇਸ਼ੀਆ, ਬੰਗਲਾਦੇਸ਼, ਸਵਿਟਜ਼ਰਲੈਂਡ ਅਤੇ ਨਾਰਵੇ ਵਰਗੇ ਭਾਈਵਾਲ ਦੇਸ਼ ਵੀ ਸ਼ਾਮਲ ਹਨ। ਜੇਮੀਸਨ ਗ੍ਰੀਰ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਇਹ ਜਾਂਚ ਉਨ੍ਹਾਂ ਅਰਥਵਿਵਸਥਾਵਾਂ ’ਤੇ ਕੇਂਦਰਿਤ ਹੈ ਜਿੱਥੇ ਵੱਖ-ਵੱਖ ਨਿਰਮਾਣ ਖੇਤਰਾਂ ਵਿੱਚ ਲੋੜ ਤੋਂ ਵੱਧ ਉਤਪਾਦਨ ਸਮਰੱਥਾ (Structural excess capacity) ਦੇ ਸਬੂਤ ਮਿਲਦੇ ਹਨ।
ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ (BTA) ’ਤੇ ਅਸਰ
ਜ਼ਿਕਰਯੋਗ ਹੈ ਕਿ ਇਸੇ ਸਾਲ ਜੁਲਾਈ ਵਿੱਚ ਵੀ ਯੂ.ਐੱਸ.ਟੀ.ਆਰ. ਨੇ ਇਸੇ ਵਿਵਸਥਾ ਤਹਿਤ ਭਾਰਤ ਤੋਂ ਹੋਣ ਵਾਲੀ ਦਰਾਮਦ ’ਤੇ 10 ਫ਼ੀਸਦ ਵਾਧੂ ਡਿਊਟੀ ਲਗਾਈ ਸੀ। ਰਿਪੋਰਟਾਂ ਅਨੁਸਾਰ, ਜਿੱਥੇ ਜਾਪਾਨ, ਯੂਰਪੀ ਸੰਘ ਅਤੇ ਦੱਖਣੀ ਕੋਰੀਆ ’ਤੇ 15 ਫ਼ੀਸਦ ਜਾਂ ਇਸ ਤੋਂ ਘੱਟ ਟੈਰਿਫ ਲੱਗਣ ਦੀ ਉਮੀਦ ਹੈ, ਉੱਥੇ ਹੀ ਭਾਰਤ ਅਤੇ ਵੀਅਤਨਾਮ ਵਰਗੇ ਦੇਸ਼ਾਂ ’ਤੇ ਅਮਰੀਕਾ ਨਾਲ ਉਨ੍ਹਾਂ ਦੇ ਵੱਖਰੇ ਸਮਝੌਤਿਆਂ ਦੀਆਂ ਸ਼ਰਤਾਂ ਦੇ ਆਧਾਰ ’ਤੇ ਮੁਕਾਬਲਤਨ ਵੱਧ ਡਿਊਟੀ ਲੱਗ ਸਕਦੀ ਹੈ। ਹਾਲਾਂਕਿ, ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲ ਵਰਗੀਆਂ ਵਸਤਾਂ ਨੂੰ ਇਨ੍ਹਾਂ ਨਵੇਂ ਟੈਰਿਫਾਂ ਤੋਂ ਬਾਹਰ ਰੱਖੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ’ਤੇ ਪਹਿਲਾਂ ਹੀ ਕੌਮੀਂ ਸੁਰੱਖਿਆ ਦੇ ਆਧਾਰ ’ਤੇ ਵੱਖਰੇ ਟੈਰਿਫ ਲਾਗੂ ਹਨ।
ਦੂਜੇ ਪਾਸੇ, ਭਾਰਤ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (BTA) ਤਹਿਤ ਭਾਰਤ ਨੂੰ ਆਪਣੇ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਤੁਲਨਾਤਮਕ ਟੈਰਿਫ ਲਾਭ ਮਿਲੇਗਾ। ਅਧਿਕਾਰੀ ਨੇ ਸਾਵਧਾਨ ਕਰਦਿਆਂ ਕਿਹਾ ਕਿ ਇਹ ਲਾਭ ਅੰਤਿਮ ਟੈਰਿਫ ਢਾਂਚੇ ’ਤੇ ਨਿਰਭਰ ਕਰੇਗਾ, ਕਿਉਂਕਿ ਭਾਰਤ ਵਿਰੁੱਧ ਯੂ.ਐੱਸ.ਟੀ.ਆਰ. ਵੱਲੋਂ ਸ਼ੁਰੂ ਕੀਤੀ ਗਈ ਦੂਜੀ ਜਾਂਚ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਭਾਰਤ ਇਸ ਵਿੱਤੀ ਸਾਲ ਦੇ ਅੰਤ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਲਈ ਲਗਾਤਾਰ ਗੱਲਬਾਤ ਕਰ ਰਿਹਾ ਹੈ

