ਲਖਨਊ : ਸਮਾਜਵਾਦੀ ਪਾਰਟੀ (ਸਪਾ) ਨੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਰਾਤ ਪੰਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਇਹ ਐਲਾਨ ਕਾਂਗਰਸ ਨਾਲ ਸੀਟਾਂ ਦੀ ਵੰਡ ਬਾਰੇ ਦੂਜੇ ਗੇੜ ਦੀ ਗੱਲਬਾਤ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਕੀਤਾ ਗਿਆ।
ਸੂਚੀ ਜਾਰੀ ਹੋਣ ਤੋਂ ਪਹਿਲਾਂ ਸਪਾ ਮੁਖੀ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਦੋਵਾਂ ਧਰਮ ਨਿਰਪੱਖ ਪਾਰਟੀਆਂ ਕੋਲ ਭਾਜਪਾ ਨੂੰ ਹਰਾਉਣ ਅਤੇ ਦੇਸ਼ ਨੂੰ ‘ਗ਼ਲਤ ਹੱਥਾਂ’ ਵਿੱਚ ਜਾਣ ਤੋਂ ਬਚਾਉਣ ਦਾ ਇਤਿਹਾਸਕ ਮੌਕਾ ਹੈ। ਉਨ੍ਹਾਂ ਕਾਂਗਰਸ ਨੂੰ ਅਪੀਲ ਕੀਤੀ ਕਿ ਸਪਾ ਵੱਲੋਂ ਪੇਸ਼ ਕੀਤੀਆਂ ਗਈਆਂ 26 ਸੀਟਾਂ ਤੋਂ ਇਲਾਵਾ ਹੋਰ ਸੰਭਾਵੀ ਸੀਟਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸੂਚੀ ਵੀ ਸਾਂਝੀ ਕੀਤੀ ਜਾਵੇ।
ਸਹਾਰਨਪੁਰ, ਕੈਰਾਨਾ ਤੇ ਅਮਰੋਹਾ ਤੋਂ ਉਮੀਦਵਾਰ ਐਲਾਨੇ
ਸਪਾ ਵੱਲੋਂ ਐਕਸ ’ਤੇ ਸਾਂਝੀ ਕੀਤੀ ਸੂਚੀ ਅਨੁਸਾਰ ਉਮਰ ਅਲੀ ਖ਼ਾਨ ਨੂੰ ਸਹਾਰਨਪੁਰ ਜ਼ਿਲ੍ਹੇ ਦੇ ਬੇਹਟ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਆਸ਼ੂ ਮਲਿਕ ਸਹਾਰਨਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਹਲਕੇ ਤੋਂ ਨਾਹਿਦ ਹਸਨ ਨੂੰ ਟਿਕਟ ਦਿੱਤੀ ਗਈ ਹੈ।
ਇਸੇ ਤਰ੍ਹਾਂ ਮਹਿਬੂਬ ਅਲੀ ਨੂੰ ਅਮਰੋਹਾ ਅਤੇ ਜੋਤੀ ਲੋਧੀ ਨੂੰ ਲਲਿਤਪੁਰ ਜ਼ਿਲ੍ਹੇ ਦੇ ਲਲਿਤਪੁਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 2027 ਦੇ ਸ਼ੁਰੂ ਵਿੱਚ ਹੋਣੀਆਂ ਤੈਅ ਹਨ।
ਸੀਟਾਂ ਦੀ ਵੰਡ ਬਾਰੇ ਦੋ ਹੋਰ ਮੀਟਿੰਗਾਂ ਦੀ ਸੰਭਾਵਨਾ
ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਸੀਟਾਂ ਦੀ ਵੰਡ ਬਾਰੇ ਹਲਕਾ-ਵਾਰ ਵਿਸਥਾਰ ਨਾਲ ਚਰਚਾ ਕੀਤੀ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਉਮੀਦ ਜਤਾਈ ਕਿ ਅਗਲੀਆਂ ਦੋ ਮੀਟਿੰਗਾਂ ਦੌਰਾਨ ਸੀਟਾਂ ਦੀ ਵੰਡ ਬਾਰੇ ਸਮਝੌਤਾ ਹੋ ਸਕਦਾ ਹੈ।
ਸਪਾ ਨੇ ਕਾਂਗਰਸ ਨੂੰ 26 ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਕਾਂਗਰਸ ਨੇ ਲਗਪਗ 130 ਸੀਟਾਂ ਦੀ ਸੂਚੀ ਸੌਂਪੀ ਹੈ। ਮੰਗਲਵਾਰ ਦੀ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਇਕ-ਇਕ ਸੀਟ ਬਾਰੇ ਵਿਚਾਰ-ਵਟਾਂਦਰਾ ਕੀਤਾ ਪਰ ਗੱਲਬਾਤ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਸਕੀ। ਪਾਰਟੀ ਆਗੂਆਂ ਮੁਤਾਬਕ ਛੇਤੀ ਹੀ ਦੋ ਹੋਰ ਗੇੜਾਂ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ।

