ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਹਵਾ ਦੀ ਗੁਣਵੱਤਾ ਮਾਮੂਲੀ ਸੁਧਾਰ ਹੋਇਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਤੋਂ ‘ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਹਿਰ ਦੇ ਸਿਰਫ਼ ਦੋ ਨਿਗਰਾਨੀ ਕੇਂਦਰਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੀ। ਦਿੱਲੀ ਵਿੱਚ ਇਸ ਸੀਜ਼ਨ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 11 ਨਵੰਬਰ ਨੂੰ ਵੀ ਘੱਟੋ-ਘੱਟ ਤਾਪਮਾਨ ਇੰਨਾ ਹੀ ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸਿਰੀ ਫੋਰਟ ਵਿੱਚ ਸਭ ਤੋਂ ਵੱਧ ਏ ਕਿਊ ਆਈ 354 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੌਰਾਨ ਛਾਉਣੀ ਖੇਤਰ ਵਿੱਚ ਏ ਕਿਊ ਆਈ 98 ਰਿਹਾ। ਸਵੇਰੇ ਨੌਂ ਦੇ ਕਰੀਬ ਸ਼ਹਿਰ ਦਾ ਔਸਤ ਏ ਕਿਊ ਆਈ 221 ਦਰਜ ਕੀਤਾ ਗਿਆ, ਜੋ ਕਿ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਐਤਵਾਰ ਸ਼ਾਮ ਨੂੰ ਇਹ 290 ਸੀ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਪਾਲਮ ਵਿੱਚ ਘੱਟੋ-ਘੱਟ ਤਾਪਮਾਨ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 0.5 ਡਿਗਰੀ ਵੱਧ ਹੈ। ਉੱਥੇ ਹੀ, ਲੋਧੀ ਰੋਡ ਵਿੱਚ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 2.8 ਡਿਗਰੀ ਵੱਧ ਹੈ। ਦੂਜੇ ਪਾਸੇ ਵਾਹਨਾਂ ਚਾਲਕਾਂ ਵੱਲੋਂ ‘ਗਰੈਪ’ ਦੇ ਤੀਜੇ ਪੜਾਅ ਦੀਆਂ ਧੱਜੀਆਂ ਉਡਾਰੀਆਂ ਜਾ ਰਹੀਆਂ ਹਨ। ਤੀਜੇ ਪੜਾਅ ਤਹਿਤ ਦਿੱਲੀ ਅਤੇ ਐੱਨ ਸੀ ਆਰ ਦੇ ਜ਼ਿਲ੍ਹਿਆਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ ਬੀ ਐੱਸ-3 ਪੈਟਰੋਲ ਅਤੇ ਬੀ ਐੱਸ-4 ਡੀਜ਼ਲ ਵਾਲੇ ਚਾਰ-ਪਹੀਆ ਵਾਹਨਾਂ ’ਤੇ ਪਾਬੰਦੀਆਂ ਲਾਗੂ ਹਨ। ਰਿਪੋਰਟਾਂ ਅਨੁਸਾਰ ਬੀ ਐੱਸ-4 ਡੀਜ਼ਲ ਮਾਪਦੰਡਾਂ ਦੀ ਪਾਲਣਾ ਕਰਨ ਵਾਲੀਆਂ ਸੈਲਾਨੀ ਬੱਸਾਂ, ਲਾਗੂ ਪਾਬੰਦੀਆਂ ਦੇ ਬਾਵਜੂਦ ਦਿੱਲੀ ਦੀਆਂ ਸੜਕਾਂ ’ਤੇ ਖੁੱਲ੍ਹੇਆਮ ਚੱਲ ਰਹੀਆਂ ਹਨ।
Posted inNew Delhi
ਦਿੱਲੀ ਦੀ ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ

