ਪੰਜਾਬ ਕੌਮੀ ਫੁਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ: Bhagwant Mann

ਪੰਜਾਬ ਕੌਮੀ ਫੁਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ: Bhagwant Mann

ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਪੰਜਾਬ ਹੁਣ ਕੌਮੀ ਪੱਧਰ ਦੀ ਫੁਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੁਟਬਾਲ ਚੈਂਪੀਅਨਸ਼ਿਪ ਦੇ ਮੈਚ ਸਰਾਭਾ, ਮਾਹਿਲਪੁਰ, ਹੁਸ਼ਿਆਰਪੁਰ ਅਤੇ ਹੋਰ ਥਾਵਾਂ ’ਤੇ ਕਰਵਾਏ ਜਾਣਗੇ। ਇਸ ਟੂਰਨਾਮੈਂਟ ਨਾਲ ਦੇਸ਼ ਭਰ ਦੇ ਚੋਟੀ ਦੇ ਖਿਡਾਰੀ ਪੰਜਾਬ ਆਉਣਗੇ। ਇਸ ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਵੀ ਤੇਜ਼ੀ ਆਵੇਗੀ। ਉਨ੍ਹਾਂ ਸਰਾਭਾ ਸਪੋਰਟਸ ਕਲੱਬ ਲਈ 51 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਰਾਭਾ ਦੇ ਖੇਡ ਮੈਦਾਨ ਨੂੰ ਅੱਪਗਰੇਡ ਕੀਤਾ ਜਾਵੇਗਾ। ਇੱਥੇ ਕੌਮੀ ਟੀਮ ਅਤੇ ਦੇਸ਼ ਭਰ ਦੇ ਕੁਝ ਬਿਹਤਰੀਨ ਖਿਡਾਰੀ ਖੇਡਣ ਲਈ ਆਉਣਗੇ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਵਸ ਸਮਾਗਮਾਂ ਦੌਰਾਨ ਕਰਵਾਏ ਜਾਂਦੇ ਫੁਟਬਾਲ ਅਤੇ ਕਬੱਡੀ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕ੍ਰਾਂਤੀਕਾਰੀ ਸੋਚ ਨੂੰ ਸੱਚੀ ਸ਼ਰਧਾਂਜਲੀ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਵਿਕਾਸ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਲੋਕਾਂ ਵੱਲੋਂ ਚੁੱਕੇ ਗਏ ਮੁੱਦਿਆਂ ’ਤੇ ਡਿਪਟੀ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਗਣਤੰਤਰ ਦਿਵਸ ਪਰੇਡ ’ਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਪ੍ਰਦਰਸ਼ਨ ਕਰੇਗਾ ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਕਿਲ੍ਹਾ ਰਾਏਪੁਰ ਦੀਆਂ ਰਵਾਇਤੀ ਬੈਲ ਗੱਡੀਆਂ ਦੀ ਦੌੜ ਦਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ, ‘‘ਬੈਲ ਗੱਡੀਆਂ ਦੀ ਦੌੜ ਸਾਡੇ ਵਿਰਸੇ ਦਾ ਹਿੱਸਾ ਹੈ। ਇਸੇ ਲਈ ਕਿਲ੍ਹਾ ਰਾਏਪੁਰ ਖੇਡਾਂ ਨੂੰ ਝਾਂਕੀ ਦੇ ਹਿੱਸੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।’’ ਇਸ ਖੇਤਰ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਰਾਣੀ ਰਵਾਇਤ ਰਹੀ ਹੈ, ਖ਼ਾਸ ਕਰ ਕੇ ਕਿਲ੍ਹਾ ਰਾਏਪੁਰ ਖੇਡ ਮੇਲੇ ਵਿੱਚ।
Share: