ਫਗਵਾੜਾ : ਫਗਵਾੜਾ, ਗੁਰਾਇਆ, ਫਿਲੌਰ, ਬਿਲਗਾ, ਨੂਰਮਹਿਲ ਅਤੇ ਨਕੋਦਰ ਵਿੱਚ ਸੋਮਵਾਰ ਸਵੇਰੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਸਤਲੁਜ ਦਰਿਆ ਦੇ ਕੰਢਿਆਂ ਅਤੇ ਹੋਰ ਜਲ ਸਰੋਤਾਂ ’ਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਚਾਰ ਦਿਨਾ ਛਠ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਸਮਾਪਤੀ ਦੀਆਂ ਰਸਮਾਂ ਪੂਰੀ ਧਾਰਮਿਕ ਆਸਥਾ ਅਤੇ ਰਵਾਇਤੀ ਢੰਗ ਨਾਲ ਨਿਭਾਈਆਂ ਗਈਆਂ। ਸਵੇਰੇ ਤੜਕਸਾਰ ਹੀ ਸ਼ਰਧਾਲੂ ਬਾਂਸ ਦੇ ਸੂਪਾਂ ਵਿੱਚ ਨਾਰੀਅਲ, ਕੇਲੇ, ਮੌਸਮੀ ਫਲ ਅਤੇ ਹੋਰ ਪੂਜਾ ਸਮੱਗਰੀ ਲੈ ਕੇ ਦਰਿਆਵਾਂ, ਨਹਿਰਾਂ ਅਤੇ ਨਿਰਧਾਰਤ ਘਾਟਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਵਰਤ ਰੱਖਣ ਵਾਲੇ ਮਰਦਾਂ ਅਤੇ ਔਰਤਾਂ ਨੇ ਪਾਣੀ ਵਿੱਚ ਖੜ੍ਹੇ ਹੋ ਕੇ ਆਪਣੇ ਪਰਿਵਾਰਾਂ ਦੀ ਤੰਦਰੁਸਤੀ, ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਛਠ ਪੂਜਾ ਦੇ ਮੁੱਖ ਸਮਾਗਮਾਂ ਤਹਿਤ ਬਿਹਾਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਕਰੀਬ 45,000 ਸ਼ਰਧਾਲੂਆਂ ਨੇ ਫਗਵਾੜਾ ਦੇ ਬਾਹਰਵਾਰ ਚਾਚੋਕੀ ਰਜਬਾਹੇ (ਡਿਸਟ੍ਰੀਬਿਊਟਰੀ) ਦੇ ਕੰਢੇ ਇਕੱਠੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ, ਜਦਕਿ ਫਿਲੌਰ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸਤਲੁਜ ਦਰਿਆ ਕਿਨਾਰੇ ਪੂਜਾ ਕੀਤੀ। ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸੁੱਕੇ ਪਏ ਚਾਚੋਕੀ ਰਜਬਾਹੇ ਦੀ ਸਫ਼ਾਈ ਕਰਵਾ ਕੇ ਇਸ ਤਿਉਹਾਰ ਲਈ ਵਿਸ਼ੇਸ਼ ਤੌਰ ’ਤੇ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਜਿੱਥੇ ਘਰਾਂ ਨੂੰ ਦੀਪਮਾਲਾ ਨਾਲ ਸਜਾਇਆ ਗਿਆ ਅਤੇ ਲੰਗਰ ਲਗਾਏ ਗਏ, ਉੱਥੇ ਹੀ ਇੰਸਪੈਕਟਰ ਅਮਨ ਕੁਮਾਰ ਦਵੇਸ਼ਵਰ ਦੀ ਅਗਵਾਈ ਹੇਠ ਟ੍ਰੈਫਿਕ ਪੁਲੀਸ ਅਤੇ ਪ੍ਰਵਾਸੀ ਨੌਜਵਾਨ ਵਲੰਟੀਅਰਾਂ ਨੇ ਜੀ.ਟੀ. ਰੋਡ ’ਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਿਆ।
ਇਨ੍ਹਾਂ ਸਮਾਗਮਾਂ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਕਈ ਪੰਜਾਬੀ ਪਰਿਵਾਰਾਂ ਨੇ ਨਾ ਸਿਰਫ਼ ਧਾਰਮਿਕ ਰਸਮਾਂ ਵਿੱਚ ਹਿੱਸਾ ਲਿਆ ਅਤੇ ਫਲਾਂ ਆਦਿ ਦੀ ਸੇਵਾ ਕੀਤੀ, ਸਗੋਂ ਕੁਝ ਪੰਜਾਬੀ ਔਰਤਾਂ ਨੇ ਛਠ ਦਾ ਵਰਤ ਵੀ ਰੱਖਿਆ, ਜੋ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤ ਮਿਸਾਲ ਬਣਿਆ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਕਾਂਗਰਸੀ ਆਗੂਆਂ ਸੰਤੋਸ਼ ਚੌਧਰੀ ਤੇ ਵਿਕਰਮਜੀਤ ਸਿੰਘ ਚੌਧਰੀ ਨੇ ਸਮੂਹ ਸੰਗਤ ਨੂੰ ਛਠ ਪੂਜਾ ਦੀਆਂ ਵਧਾਈਆਂ ਦਿੰਦਿਆਂ ਇਸ ਨੂੰ ਆਸਥਾ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਦੱਸਿਆ।

