Nvidia ਦੇ ਸੀਈਓ ਵਜੋਂ ਵਾਪਸੀ ਦੀ ਤਿਆਰੀ ’ਚ Jensen Huang, ਸਹਿਯੋਗੀ ਸਮਰਥਨ ’ਚ ਆਏ ਅੱਗੇ: ਰਿਪੋਰਟ

Nvidia ਦੇ ਸੀਈਓ ਵਜੋਂ ਵਾਪਸੀ ਦੀ ਤਿਆਰੀ ’ਚ Jensen Huang, ਸਹਿਯੋਗੀ ਸਮਰਥਨ ’ਚ ਆਏ ਅੱਗੇ: ਰਿਪੋਰਟ

ਨਵੀਂ ਦਿੱਲੀ : ਕੰਪਨੀ ਦੇ ਅੰਦਰ ਅਤੇ ਬਾਹਰ ਕਥਿਤ ਸਬੰਧਾਂ ਨੂੰ ਲੈ ਕੇ ਉੱਠੇ ਵਿਵਾਦਾਂ ਦਰਮਿਆਨ ਅਸਤੀਫ਼ਾ ਦੇਣ ਵਾਲੇ ਐੱਨਵੀਡੀਆ (Nvidia) ਦੇ ਸਾਬਕਾ ਸੀ.ਈ.ਓ. ਜੇਨਸਨ ਹੁਆਂਗ (Jensen Huang) ਹੁਣ ਮੁੜ ਇਸ ਬਹੁ-ਖਰਬ ਡਾਲਰ ਦੀ ਚਿੱਪ ਨਿਰਮਾਤਾ ਕੰਪਨੀ ਦੀ ਕਮਾਨ ਸੰਭਾਲਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਫਾਈਨੈਂਸ਼ੀਅਲ ਟਾਈਮਜ਼ (FT) ਦੀ ਇੱਕ ਰਿਪੋਰਟ ਅਨੁਸਾਰ, ਹੁਆਂਗ ਨੇ ਆਪਣੇ ਕਰੀਬੀ ਸਹਿਯੋਗੀਆਂ ਨਾਲ ਵਾਪਸੀ ਬਾਰੇ ਚਰਚਾ ਕੀਤੀ ਹੈ, ਜਦਕਿ ਦੂਜੇ ਪਾਸੇ ਸਿਲੀਕਾਨ ਵੈਲੀ ਦੇ ਪ੍ਰਭਾਵਸ਼ਾਲੀ ਤਕਨੀਕੀ ਅਧਿਕਾਰੀਆਂ ਨੇ ਉਨ੍ਹਾਂ ਦੀ ਮੁੜ-ਬਹਾਲੀ ਲਈ ਸਮਰਥਨ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ।

ਰਿਪੋਰਟ ਮੁਤਾਬਕ, ਹਾਲਾਂਕਿ ਐੱਨਵੀਡੀਆ ਦਾ ਬੋਰਡ ਹੁਆਂਗ ਦੇ ਅਸਤੀਫ਼ੇ ਨਾਲ ਜੁੜੇ ਹਾਲਾਤਾਂ ਦੀ ਸੁਤੰਤਰ ਜਾਂਚ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਵਾਪਸੀ ਲਈ ਲਾਬਿੰਗ ਤੇਜ਼ ਕਰ ਦਿੱਤੀ ਗਈ ਹੈ। ਹੁਆਂਗ ਦੇ ਇੱਕ ਕਰੀਬੀ ਸਹਿਯੋਗੀ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਤਕਨੀਕੀ ਦਿੱਗਜਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਲਈ ਵ੍ਹਾਈਟ ਹਾਊਸ ਤੱਕ ਤੋਂ ਸਮਰਥਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਮਸਕ ਵੱਲੋਂ ਵੀ Bring Jensen Back ਦਾ ਸਮਰਥਨ

ਜੇਨਸਨ ਹੁਆਂਗ ਨੂੰ ਵਾਪਸ ਲਿਆਉਣ ਦੀ ਇਸ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਐਲੋਨ ਮਸਕ (Elon Musk) ਅਤੇ ਐਪਿਕ ਗੇਮਜ਼ ਦੇ ਸੀ.ਈ.ਓ. ਟਿਮ ਸਵੀਨੀ ਸਮੇਤ ਕਈ ਉੱਘੇ ਆਗੂਆਂ ਨੇ ਬੋਰਡ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ (Bring Jensen Back) ਦਾ ਸਮਰਥਨ ਕੀਤਾ। ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਹੁਆਂਗ ਦੀ ਬਹਾਲੀ ਲਈ ਇੱਕ ਪਟੀਸ਼ਨ ਚੱਲ ਰਹੀ ਹੈ ਅਤੇ ਉਹ ਵੀ ਇਸ ’ਤੇ ਦਸਤਖ਼ਤ ਕਰ ਰਹੇ ਹਨ। ਇਸ ਤੋਂ ਇਲਾਵਾ ਐੱਨਵੀਡੀਆ ਦੇ ਕਈ ਮੁਲਾਜ਼ਮਾਂ ਨੇ ਵੀ ਖੁੱਲ੍ਹ ਕੇ ਹੁਆਂਗ ਦੀ ਵਾਪਸੀ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਐੱਨਵੀਡੀਆ ਦਾ ਬੋਰਡ ਨਵੇਂ ਉੱਤਰਾਧਿਕਾਰੀ ਦੀ ਭਾਲ ਵਿੱਚ ਜੁਟਿਆ ਹੋਇਆ ਹੈ, ਜਿਸ ਵਿੱਚ ‘ਆਰਮ ਹੋਲਡਿੰਗਜ਼’ (Arm Holdings) ਦੇ ਸੀ.ਈ.ਓ. ਰੇਨੇ ਹਾਸ (Rene Haas) ਦਾ ਨਾਂ ਪ੍ਰਮੁੱਖਤਾ ਨਾਲ ਵਿਚਾਰਿਆ ਜਾ ਰਿਹਾ ਹੈ। ਹਾਲਾਂਕਿ, ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਕਿਰਿਆ ਅਜੇ ਮੁੱਢਲੇ ਪੜਾਅ ’ਤੇ ਹੈ ਅਤੇ ਕਿਸੇ ਵੀ ਉਮੀਦਵਾਰ ਬਾਰੇ ਅਟਕਲਾਂ ਲਾਉਣੀਆਂ ਜਲਦਬਾਜ਼ੀ ਹੋਵੇਗੀ।

ਜ਼ਿਕਰਯੋਗ ਹੈ ਕਿ 1993 ਵਿੱਚ ਐੱਨਵੀਡੀਆ ਦੀ ਸਹਿ-ਸਥਾਪਨਾ ਕਰਨ ਵਾਲੇ ਜੇਨਸਨ ਹੁਆਂਗ ਨੇ 33 ਸਾਲਾਂ ਤੱਕ ਕੰਪਨੀ ਦੀ ਅਗਵਾਈ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਮਗਰੋਂ ਮੁੱਖ ਵਿੱਤੀ ਅਧਿਕਾਰੀ (CFO) ਕੋਲੇਟ ਕਰੈੱਸ ਅੰਤਰਿਮ ਸੀ.ਈ.ਓ. ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ। ਹੁਆਂਗ ਦਾ ਅਸਤੀਫ਼ਾ ਚੀਨੀ ਕਾਰੋਬਾਰੀ ਮਹਿਲਾ ਐਲਿਸ ਹੁਆਂਗ (ਜਿਸ ’ਤੇ ਅਮਰੀਕੀ ਖੁਫ਼ੀਆ ਅਧਿਕਾਰੀਆਂ ਨੂੰ ਚੀਨੀ ਖੁਫ਼ੀਆ ਏਜੰਸੀਆਂ ਨਾਲ ਸਬੰਧ ਹੋਣ ਦਾ ਸ਼ੱਕ ਹੈ) ਅਤੇ ਕੰਪਨੀ ਦੀ ਹੀ ਮੀਤ ਪ੍ਰਧਾਨ ਕਿੰਬਰਲੀ ਪਾਵੇਲ ਸਮੇਤ ਦੋ ਮੁਲਾਜ਼ਮਾਂ ਨਾਲ ਕਥਿਤ ਸਬੰਧਾਂ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਹੋਇਆ ਸੀ।

Share: