Pathankot ’ਚ ਬੰਦੂਕ ਦੀ ਨੋਕ ’ਤੇ ਲੁੱਟੀ ਕਾਰ; ਪੰਜਾਬ-ਜੰਮੂ ਸਰਹੱਦ ’ਤੇ ਹਾਈ ਅਲਰਟ

ਸੁਜਾਨਪੁਰ : ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਤੋਂ ਗੰਨ ਪੁਆਇੰਟ ’ਤੇ ਕਾਰ ਲੁੱਟ ਕੇ ਲੈ ਜਾਣ ਦੀ ਘਟਨਾ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖ਼ੁਫ਼ੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਅਣਪਛਾਤੇ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੱਡੀ ਲੈ ਕੇ ਪਠਾਨਕੋਟ ਤੋਂ ਫ਼ਰਾਰ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲੀਸ ਚੌਕਸ ਹੋ ਗਈ ਹੈ ਅਤੇ ਪੂਰੇ ਇੰਟਰ-ਸਟੇਟ ਬਾਰਡਰ ਦੇ ਨਾਲ-ਨਾਲ ਨੈਸ਼ਨਲ ਹਾਈਵੇਅ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਵੱਡਾ ਕਾਰਨ ਲੁੱਟੀ ਗਈ ਕਾਰ ਦੀ ਵਰਤੋਂ ਅਤਿਵਾਦੀ ਹਮਲੇ ਵਿੱਚ ਹੋਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ।

ਲੁੱਟੀ ਗਈ ਕਾਰ ਚਿੱਟੇ ਰੰਗ ਦੀ ਮਹਿੰਦਰਾ XUV500 ਹੈ। ਪੀ.ਸੀ.ਆਰ. (PCR) ਜੰਮੂ ਵੱਲੋਂ ਜਾਰੀ ਕੀਤੀ ਗਈ ਅਤਿ-ਜ਼ਰੂਰੀ ਚਿਤਾਵਨੀ ਮੁਤਾਬਕ ਲੁੱਟੀ ਗਈ ਗੱਡੀ ਬਮਿਆਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਹੈ।ਗੱਡੀ ਦਾ ਨੰਬਰ PB35AA-9902 ਦੱਸਿਆ ਜਾ ਰਿਹਾ ਹੈ। ਥਾਣਾ ਸੁਜਾਨਪੁਰ ਦੇ ਇੰਚਾਰਜ ਅਰੁਣ ਸ਼ਰਮਾ ਨੇ ਕਾਰ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਜਾਨਪੁਰ ਥਾਣੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੀ.ਸੀ.ਟੀ.ਵੀ. (CCTV) ਫੁਟੇਜ ਖੰਘਾਲੀ ਜਾ ਰਹੀ ਹੈ।

Share: