ਵੈਨਕੂਵਰ : ਟੋਰਾਂਟੋ ਤੋਂ ਪੱਛਮੀ ਪਾਸੇ ਪੰਜਾਬੀਆਂ ਦੀ ਕਾਫ਼ੀ ਆਬਾਦੀ ਵਾਲੇ ਸ਼ਹਿਰ ਕਿਚਨਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲੀਸ ਮੁਲਾਜ਼ਮ ਬੂਟਾਂ ਸਮੇਤ ਅੰਦਰ ਦਾਖ਼ਲ ਹੋਣ ਦੀਆਂ ਸੂਚਨਾਵਾਂ ਹਨ। ਵਾਇਰਲ ਵੀਡੀਓ ਵਿੱਚ ਪੁਲੀਸ ਵਰਦੀ ਵਿੱਚ ਕੁਝ ਅਫ਼ਸਰ ਬੂਟਾਂ ਸਮੇਤ ਫਿਰਦੇ ਵਿਖਾਈ ਦਿੰਦੇ ਹਨ, ਪਰ ਇਹ ਸਪੱਸ਼ਟ ਨਹੀਂ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਵਾਲਾ ਹਾਲ ਹੈ ਜਾਂ ਇਜਲਾਸ ਕਰਨ ਵਾਲੀ ਵੱਖਰੀ ਥਾਂ। ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਕੁਝ ਨਿਯਮ ਪਾਸ ਕਰਨ ਲਈ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ। ਅਜੇ ਏਜੰਡਾ ਦੱਸਣਾ ਸ਼ੁਰੂ ਹੀ ਕੀਤਾ ਗਿਆ ਸੀ, ਜਦੋਂ ਹਾਜ਼ਰ ਲੋਕਾਂ ‘ਚੋਂ ਕੁਝ ਨੇ ਨਿਯਮ ਪਾਸ ਕਰਨ ਦਾ ਵਿਰੋਧ ਕੀਤਾ ਤੇ ਗੱਲ ਤਲਖ਼ੀ ਤੱਕ ਪਹੁੰਚ ਗਈ। ਵੀਡੀਓ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਸਿਰ ’ਤੇ ਰੁਮਾਲ ਵਾਲਾ ਵਿਅਕਤੀ ਲੋਕਾਂ ਨੂੰ ਵੀਡੀਓ ਬਣਾਉਣ ਤੋਂ ਰੋਕਦੇ ਹੋਏ ਤਲਖ਼ੀ ਨਾਲ ਪੇਸ਼ ਆ ਰਿਹਾ ਹੈ। ਤਲਖ਼ੀ ਵਧਣ ’ਤੇ ਪ੍ਰਬੰਧਕਾਂ ਵੱਲੋਂ ਪੁਲੀਸ ਨੂੰ ਸੱਦ ਲਿਆ ਗਿਆ। ਹੋਰ ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਮੈਂਬਰਾਂ ਵਿੱਚ ਕਾਫ਼ੀ ਸਮੇਂ ਤੋਂ ਮਤਭੇਦ ਹਨ। ਪਤਾ ਲੱਗਾ ਹੈ ਕਿ ਕਮੇਟੀ ’ਤੇ ਕਾਬਜ਼ ਲੋਕ ਨੌਜਵਾਨਾਂ ਦੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ, ਇਸੇ ਲਈ ਉਨ੍ਹਾਂ ਮੈਂਬਰਾਂ ਦੀ ਮੀਟਿੰਗ ਸੱਦ ਕੇ ਕੁਝ ਨਵੇਂ ਨਿਯਮ ਬਣਾਉਣ ਦਾ ਮਤਾ ਪਾਸ ਕਰਨਾ ਸੀ, ਜਿਸ ਦਾ ਨੌਜਵਾਨਾਂ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਕਰਕੇ ਹਾਲਾਤ ਵਿਗੜੇ। ਕਿਚਨਰ ਵਿੱਚ ਵਿਦਿਆਰਥੀ ਵੀਜ਼ੇ ’ਤੇ ਆਏ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਗੁਰਦੁਆਰਾ ਕਮੇਟੀ ਦਾ ਪੱਖ ਜਾਣਨ ਲਈ ਗੁਰਦੁਆਰਾ ਸਾਹਿਬ ਦੇ ਨੰਬਰਾਂ ‘ਤੇ ਕਈ ਵਾਰ ਫ਼ੋਨ ਕੀਤਾ ਗਿਆ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।
Posted inCanada
ਕੈਨੇਡਾ ਗੁਰਦੁਆਰਾ ਵਿਵਾਦ: ਕਿਚਨਰ ’ਚ ਪੁਲੀਸ ਬੁਲਾਉਣ ’ਤੇ ਭੜਕੀ ਸੰਗਤ, ਜੁੱਤੀਆਂ ਸਣੇ ਅੰਦਰ ਦਾਖ਼ਲ ਹੋਣ ’ਤੇ ਰੋਸ
