ਚੋਣਾਂ ਵਿੱਚ ਪੂਰਾ ਸਾਥ ਦੇਣ ਦਾ ਕੀਤਾ ਐਲਾਨ
ਜਲੰਧਰ (ਮਨੀਸ਼ ਰਿਹਾਨ): ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਨਿਤਿਨ ਕੋਹਲੀ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਸਥਾਨਕ ਸਿਆਸੀ ਸਰਗਰਮੀਆਂ ਦਰਮਿਆਨ ਜਲੰਧਰ ਸੈਂਟਰਲ ਡੀਪੂ ਹੋਲਡਰ ਯੂਨੀਅਨ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਯੂਨੀਅਨ ਦੇ ਪ੍ਰਧਾਨ ਅਨੂਪ ਸਰੀਨ ਦੀ ਅਗਵਾਈ ਹੇਠ ਮੈਂਬਰਾਂ ਨੇ ਨਿਤਿਨ ਕੋਹਲੀ ਨਾਲ ਮੁਲਾਕਾਤ ਕਰਕੇ ਇਸ ਫੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੇ ਚੋਣ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਨਿਤਿਨ ਕੋਹਲੀ ਨੂੰ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਯੂਨੀਅਨ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੀ ਰਹੇਗੀ। ਮੈਂਬਰਾਂ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਜੁਟਾਉਣ ਲਈ ਯਤਨ ਕਰਨਗੇ।
ਇਸ ਮੌਕੇ ਮੈਡਮ ਰਵਿੰਦਰ ਕੌਰ ਦਕੋਹਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਖੁਦ ਅਤੇ ਯੂਨੀਅਨ ਦੇ ਸਮੂਹ ਮੈਂਬਰ ਨਿਤਿਨ ਕੋਹਲੀ ਦੀ ਚੋਣ ਮੁਹਿੰਮ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਇਕਜੁੱਟ ਹੋ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਕਰਨਗੇ।
ਯੂਨੀਅਨ ਦੇ ਮੈਂਬਰਾਂ ਨੇ ਨਿਤਿਨ ਕੋਹਲੀ ਨੂੰ ਮਿਲੇ ਇਸ ਸਿਆਸੀ ਮੌਕੇ ਲਈ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ ਅਤੇ ਇਲਾਕੇ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਭੂਮਿਕਾ ਨਿਭਾਉਣਗੇ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਨੂਪ ਸਰੀਨ, ਪ੍ਰਵੇਸ਼ ਕਪੂਰ, ਰਾਜੂ ਬਾਜਵਾ, ਮੁਨਸ਼ਾ ਸਿੰਘ, ਸਤਨਾਮ ਸਿੰਘ ਪੁੰਨੀ, ਰਿੰਕੂ, ਤਰਸੇਮ ਲਾਲ, ਪਰਵੀਨ ਕੁਮਾਰੀ, ਮਿਨੀ ਰਿਹਾਨ, ਰੇਸ਼ਮ ਸਿੰਘ, ਦਵਿੰਦਰ ਗੁਲਾਟੀ, ਰਾਜੀਵ ਅਤੇ ਜਤਿਨ ਗੁਲਾਟੀ ਸਮੇਤ ਹੋਰ ਡੀਪੂ ਹੋਲਡਰ ਵੀ ਮੌਜੂਦ ਸਨ।
