ਨਵੀਂ ਦਿੱਲੀ : ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਸਵੇਰੇ ਗੰਭੀਰ ਸ਼੍ੇਣੀ ਵਿੱਚ ਪਹੁੰਚ ਗਈ। ਇਸ ਦੌਰਾਨ ਸਵੇਰੇ 7.31 ਵਜੇ ਸ਼ਹਿਰ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 494 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਧੁੰਦ ਅਤੇ ਧੂੰਏਂ ਦੀ ਸੰਘਣੀ ਚਾਦਰ ਨਾਲ ਢੱਕੀ ਰਹੀ। ਇਸ ਕਾਰਨ ਕਈ ਇਲਾਕਿਆਂ ਵਿੱਚ ਦੇਖਣ ਦੀ ਸਮਰੱਥਾ ਕਾਫ਼ੀ ਘਟ ਗਈ। ਹਵਾ ਦੀ ਗੁਣਵੱਤਾ ਹੋਰ ਖਰਾਬ ਹੋਣ ਨਾਲ ਲੋਕਾਂ ਨੂੰ ਖੰਘ, ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਸਰਕਾਰ ਦੇ ਸਾਰੇ ਦਾਅਵੇ ਅਤੇ ਉਪਾਅ ਧਰੇ-ਧਰਾਏ ਰਹਿ ਗਏ ਹਨ।
ਸੈਂਟਰਲ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਆਈ ਆਈ ਟੀ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਰਿਹਾ। ਇੱਥੇ ਏ ਕਿਊ ਆਈ 488 ਦਰਜ ਕੀਤਾ ਗਿਆ। ਇਸ ਤੋਂ ਬਾਅਦ ਆਈ ਟੀ ਓ (455), ਆਨੰਦ ਵਿਹਾਰ (419), ਰੋਹਿਣੀ (413) ਅਤੇ ਰਾਜੋਕਰੀ ਬਾਰਡਰ ਵਿੱਚ ਏ ਕਿਊ ਆਈ 402 ਰਿਹਾ। ਇਹ ਸਾਰੇ ਸਟੇਸ਼ਨ ਗੰਭੀਰ ਸ਼੍ੇਣੀ ਵਿੱਚ ਦਰਜ ਕੀਤੇ ਗਏ। ਧੌਲਾ ਕੂੰਆਂ ਵਿੱਚ ਏ ਕਿਊ ਆਈ 161 ਦਰਜ ਕੀਤਾ ਗਿਆ। ਦਿੱਲੀ ਸਰਕਾਰ ਨੇ ਹਵਾ ਵਿੱਚ ਮੌਜੂਦ ਬਾਰੀਕ ਕਣਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਦੇ ਉਪਾਵਾਂ ਵਜੋਂ, ਪੂਰੇ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਕਰਨ ਵਾਲੀਆਂ ਮਸ਼ੀਨਾਂ ਤਾਇਨਾਤ ਕੀਤੀਆਂ ਹਨ।ਇਹ ਵਾਧਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਸ ਤੋਂ ਇੱਕ ਦਿਨ ਪਹਿਲਾਂ ਹੀ ‘ਆਪ’ ਆਗੂ ਸੌਰਭ ਭਾਰਦਵਾਜ ਨੇ ਦੀਵਾਲੀ ਤੋਂ ਬਾਅਦ ਵਧੇ ਪ੍ਰਦੂਸ਼ਣ ਲਈ ਭਾਜਪਾ ’ਤੇ ਨਿਸ਼ਾਨਾ ਸਾਧਿਆ ਸੀ। ‘ਆਪ’ ਵੱਲੋਂ ਪ੍ਰਦੂਸ਼ਣ ਦੇ ਅੰਕੜਿਆਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਜਾ ਰਿਹਾ ਹੈ। ਵਿਦਿਆਰਥੀ ਯੂਨੀਅਨਾਂ ਵੀ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਕੋਸ ਚੁੱਕੇ ਹਨ। ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ।

