ਵੈਨਕੂਵਰ : ਅਮਰੀਕਾ ਦੇ ਹਵਾਈ ਸੰਚਾਰ ਸਿਸਟਮ ਵਿੱਚ ਬਾਅਦ ਦੁਪਹਿਰ ਵਿੱਚ ਖਰਾਬੀ ਆਉਣ ਕਰਕੇ ਉਥੋਂ ਦੇ ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ (ਐਫਏਏ) ਨੇ ਪੂਰੇ ਦੇਸ਼ ਦੀਆਂ ਉਡਾਣਾਂ ਰੋਕ ਦਿੱਤੀਆਂ। ਇਸ ਤੋਂ ਬਾਅਦ ਕੈਨੇਡਾ ਨੇ ਵੀ ਅਮਰੀਕਾ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ।ਅਮਰੀਕਾ ਦੇ ਏਅਰ ਰੂਟ ਟਰੈਫਿਕ ਕੰਟਰੋਲ ਕੇਂਦਰ ਵਿੱਚ ਆਈ ਖਰਾਬੀ ਕਾਰਣ ਰੋਕੀਆਂ ਉਡਾਣਾਂ ਬਾਰੇ ਉਥੋਂ ਦੇ ਟਰਾਂਸਪੋਰਟ ਸਕੱਤਰ ਸਾਨ ਡੱਫੀ ਨੇ ਜਾਣਕਾਰੀ ਦਿੱਤੀ। ਅਮਰੀਕਾ ਦੇ ਇਸ ਸਿਸਟਮ ਵਿੱਚ ਜਨਵਰੀ 2023 ’ਚ ਵੀ ਇਸੇ ਤਰ੍ਹਾਂ ਦੀ ਖਰਾਬੀ ਆਈ ਸੀ, ਜਿਸ ਨੂੰ ਕੁੱਝ ਸਮੇਂ ਬਾਅਦ ਠੀਕ ਕਰ ਲਿਆ ਗਿਆ, ਉਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਸਮੱਸਿਆ 11 ਸਤੰਬਰ 2001 ਵਿੱਚ ਆਈ ਸੀ।
ਕੈਨੇਡਾ ਦੇ ਸਾਰੇ ਅੰਤਰਾਸ਼ਟਰੀ ਹਵਾਈ ਅੱਡਿਆਂ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰੱਦ ਹੋਣ ਦਾ ਪਤਾ ਲੱਗਦੇ ਹੀ ਵੈਨਕੂਵਰ, ਮੌਟਰੀਅਲ, ਕੈਲਗਰੀ, ਵਿਨੀਪੈੱਗ, ਐਡਮੰਟਨ, ਵਿਕਟੋਰੀਆ, ਓਟਵਾ, ਐਬਸਫੋਰਡ ਆਦਿ ਪ੍ਰਮੁੱਖ ਹਵਾਈ ਅੱਡਿਆਂ ਤੇ ਅਮਰੀਕਾ ਜਾਣ ਲਈ ਆਏ ਯਾਤਰੀ ਸਮੱਸਿਆਵਾਂ ਵਿੱਚ ਘਿਰ ਗਏ।ਵੱਡੀ ਗਿਣਤੀ ਚ ਉਡਾਣਾਂ ਰੱਦ ਹੋਣ ਅਤੇ ਫਿਰ ਤੋਂ ਚਾਲੂ ਹੋਣ ਦੀ ਅਨਿਸ਼ਚਿਤਤਾ ਕਾਰਨ ਕੜਾਕੇ ਦੀ ਠੰਡ ਵਿੱਚ ਹਜ਼ਾਰਾਂ ਯਾਤਰੀ ਆਪਣੇ ਸਫਰ ਬਾਰੇ ਕਿਸੇ ਵੀ ਤਰਾਂ ਦਾ ਫੈਸਲਾ ਲੈਣ ਤੋਂ ਅਸਮਰੱਥ ਹਨ।
ਖਬਰ ਲਿਖੇ ਜਾਣ ਤੱਕ ਇਹ ਜਾਣਕਾਰੀ ਕਿਸੇ ਸ੍ਰੋਤ ਤੋਂ ਨਹੀਂ ਮਿਲੀ ਕਿ ਦੂਰ ਦੁਰਾਡੇ ਦੇਸ਼ਾਂ ਤੋਂ ਅਮਰੀਕਾ ਦੇ ਸ਼ਹਿਰਾਂ ’ਚ ਉੱਤਰਣ ਕਰਨ ਲਈ ਚੱਲੀਆਂ ਹੋਈਆਂ ਉਡਾਣਾਂ ਦਾ ਕੀ ਬਣੇਗਾ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਸੈਕਿੰਨਨ ਨੇ ਐਕਸ ਪੋਸਟ ਰਾਹੀਂ ਕਿਹਾ ਕਿ ਉਹ ਅਮਰੀਕਾ ’ਚ ਪੈਦਾ ਹੋਏ ਹਾਲਾਤਾਂ ਨੂੰ ਚੌਕਸੀ ਨਾਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਮੰਤਰੀ ਨੇ ਕਿਹਾ ਕਿ ਉਹ ਅਮਰੀਕਨ ਅਧਿਕਾਰੀਆਂ ਨਾਲ ਲਗਾਤਾਰ ਜਾਣਕਾਰੀ ਦਾ ਅਦਾਨ ਪ੍ਰਦਾਨ ਕਰ ਰਹੇ ਹਨ।ਦੇਰ ਰਾਤ FAA ਵੱਲੋਂ ਜਾਰੀ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਤੇ ਥੋੜੀ ਦੇਰ ਬਾਦ ਪੜਾਅ ਵਾਰ ਉਡਾਣਾਂ ਦੀ ਆਗਿਆ ਦੇ ਦਿੱਤੀ ਜਾਏਗੀ। ਪਰ ਹਵਾਬਾਜ਼ੀ ਨਾਲ ਸਬੰਧਤ ਮਾਹਰਾਂ ਦਾ ਮੰਨਣਾ ਹੈ ਕਿ ਉਡਾਣਾਂ ਦੇ ਆਮ ਵਾਂਗ ਹੋਣ ਵਿੱਚ 12 ਤੋ 15 ਘੰਟੇ ਲੱਗ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਹਵਾਈ ਅੱਡੇ ਉੱਤੇ ਪਾਰਕਿੰਗ ਥਾਵਾਂ ਅਤੇ ਰਨਵੇਅ ਉੱਤੇ ਜਹਾਜ਼ਾਂ ਨੂੰ ਹਟਾਉਣ ਲਈ ਹੀ ਪੰਜ ਛੇ ਘੰਟੇ ਲੱਗ ਸਕਦੇ ਹਨ ਤੇ ਉਸ ਤੋਂ ਬਾਅਦ ਕਈ ਪਾਇਲਟਾਂ ਦੇ ਕੰਮ ਦੇ ਘੰਟੇ ਪੂਰੇ ਹੋਣ ਕਾਰਣਾਂ ਉਡਾਣਾਂ ਦੇ ਅਯੋਗ ਹੋਣ ਵਾਲਿਆਂ ਦੇ ਵਿਕਲਪ ਲੱਭਣ ’ਚ ਦੇਰੀ ਹੋ ਸਕਦੀ ਹੈ। ਕੁਝ ਜਹਾਜ਼ਾਂ ਵਿੱਚ ਤੇਲ ਭਰਨ ਦੀ ਸਮੱਸਿਆ ਖੜੀ ਹੋਵੇਗੀ ਤੇ ਕੁਝ ਹੋਰਾਂ ਲਈ ਗੇਟਾਂ ਦਾ ਪ੍ਰਬੰਧਾ ਔਖਾ ਹੋਵੇਗਾ।

