Punjab Assembly Elections: ‘ਆਪ’ ਉਮੀਦਵਾਰਾਂ ਦੀ ਦੂਜੀ ਸੂਚੀ ਮਗਰੋਂ ਪਾਰਟੀ ’ਚ ਸਿਆਸੀ ਘਮਸਾਣ

Punjab Assembly Elections: ‘ਆਪ’ ਉਮੀਦਵਾਰਾਂ ਦੀ ਦੂਜੀ ਸੂਚੀ ਮਗਰੋਂ ਪਾਰਟੀ ’ਚ ਸਿਆਸੀ ਘਮਸਾਣ

ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੇ ਪਾਰਟੀ ਅੰਦਰ ਸਿਆਸੀ ਘਮਸਾਣ ਮਚਾ ਦਿੱਤਾ ਹੈ। ਜਿਨ੍ਹਾਂ ਨੂੰ ਟਿਕਟ ਮਿਲ ਗਈ ਹੈ, ਉਨ੍ਹਾਂ ਦੇ ਘਰਾਂ ’ਚ ਢੋਲ ਵੱਜੇ ਹਨ। ਟਿਕਟ ਤੋਂ ਵਾਂਝੇ ਰਹਿ ਗਏ ਚਾਹਵਾਨਾਂ ਦੇ ਚਿਹਰੇ ਉਤਰੇ ਹੋਏ ਹਨ। ‘ਆਪ’ ਨੇ ਪਹਿਲੀ ਸੂਚੀ ’ਚ ਮੌਜੂਦਾ 40 ਵਿਧਾਇਕਾਂ ਨੂੰ ਮੁੜ ਮੈਦਾਨ ’ਚ ਉਤਾਰਿਆ ਸੀ ਅਤੇ ਹੁਣ ਦੂਜੀ ਸੂਚੀ ’ਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਸੱਤ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ। ਰਾਜਾਸਾਂਸੀ ਤੋਂ ਸੋਨੀਆ ਮਾਨ ਦੀ ਟਿਕਟ ਐਲਾਨੇ ਜਾਣ ਮਗਰੋਂ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਨੇ ਅਸਤੀਫ਼ੇ ਭੇਜ ਦਿੱਤੇ ਹਨ।

ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਨੇ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਹਵਾਲੇ ਨਾਲ ਅਸਤੀਫ਼ਾ ਦਿੱਤਾ ਹੈ ਜਦਕਿ ਰਾਜਾਸਾਂਸੀ ਦੇ ਹਲਕਾ ਇੰਚਾਰਜ ਰਾਜਬੀਰ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਹੈ। ‘ਆਪ’ ਦੇ ਅਨੁਸੂਚਿਤ ਜਾਤੀ ਵਿੰਗ ਦੇ ਹਲਕਾ ਕੋਆਰਡੀਨੇਟਰ ਗੁਰਦੇਵ ਸਿੰਘ ਜੋਬਨ ਝੰਜੋਟੀ ਨੇ ਵੀ ਅਸਤੀਫ਼ਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਲ 2022 ’ਚ ਹਰਾਉਣ ਵਾਲੇ ਡਾ. ਚਰਨਜੀਤ ਸਿੰਘ ’ਚ ਵੀ ਪਾਰਟੀ ਖ਼ਿਲਾਫ਼ ਰੋਸ ਹੈ ਕਿਉਂਕਿ ਚਮਕੌਰ ਸਾਹਿਬ ਹਲਕੇ ਤੋਂ ਪਾਰਟੀ ਨੇ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਹੈ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹੀ ਚੋਣ ਲੜਨਗੇ। ਆਜ਼ਾਦ ਚੋਣ ਲੜਨਗੇ ਜਾਂ ਕਿਸੇ ਪਾਰਟੀ ਵੱਲੋਂ, ਇਹ ਪੱਤੇ ਹਾਲੇ ਉਨ੍ਹਾਂ ਨਹੀਂ ਖੋਲ੍ਹੇ। ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਟਿਕਟ ਕੱਟੇ ਜਾਣ ਮਗਰੋਂ ਹਾਲੇ ਚੁੱਪ ਹਨ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਾਰਟੀ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ। ਇਸੇ ਤਰ੍ਹਾਂ ਜੇਲ੍ਹ ’ਚ ਬੰਦ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਖਾਤੇ ’ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਉਸ ਨੇ ਤਾਂ 5 ਅਗਸਤ 2026 ਨੂੰ ਦੁਪਹਿਰ 12 ਵਜੇ ਦਿੱਲੀ ’ਚ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਚੋਣ ਨਾ ਲੜਨ ਬਾਰੇ ਆਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਵੀ ਕੇਜਰੀਵਾਲ ਨੇ ਫੋਨ ਕਰਕੇ ਪੁੱਛਿਆ ਸੀ ਤਾਂ ਉਨ੍ਹਾਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਖ਼ੁਦ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਸ ਨੇ ਪਾਰਟੀ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਚੇਤਨ ਸਿੰਘ ਜੌੜਾਮਾਜਰਾ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਹੁਣ ‘ਆਪ’ ਨੂੰ ਤੌਖਲਾ ਹੈ ਕਿ ਉਮੀਦਵਾਰ ਨਾ ਬਣਾਏ ਜਾਣ ਦੀ ਸੂਰਤ ’ਚ ਹੋਰ ਚਿਹਰੇ ਵੀ ਦੂਜੀਆਂ ਪਾਰਟੀਆਂ ਦਾ ਰੁਖ਼ ਕਰ ਸਕਦੇ ਹਨ ਜਿਸ ਕਰਕੇ ਪਾਰਟੀ ਬੋਚ-ਬੋਚ ਕੇ ਪੈਰ ਰੱਖ ਰਹੀ ਹੈ।

ਦੂਜੇ ਪਾਸੇ ਚੱਬੇਵਾਲ ਪਰਿਵਾਰ ਦੇ ਘਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ ਜਿਨ੍ਹਾਂ ਨੂੰ ਇੱਕ ਨਹੀਂ ਬਲਕਿ ਦੋ-ਦੋ ਟਿਕਟਾਂ ਮਿਲ ਗਈਆਂ ਹਨ। ਇਸ਼ਾਂਕ ਚੱਬੇਵਾਲ ਮੁੜ ਚੱਬੇਵਾਲ ਤੋਂ ਉਮੀਦਵਾਰ ਬਣਾਏ ਗਏ ਹਨ; ਉਨ੍ਹਾਂ ਦੇ ਪਿਤਾ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਤੀਜੀ ਵਾਰ ਟਿਕਟ ਮਿਲਣ ਮਗਰੋਂ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਖੁਸ਼ੀ ਮਨਾਈ ਹੈ। ਜਿਨ੍ਹਾਂ ਹਲਕਿਆਂ ਦੀ ਟਿਕਟ ਐਲਾਨੀ ਜਾਣੀ ਹੈ, ਉਨ੍ਹਾਂ ਹਲਕਿਆਂ ਦੇ ਚਾਹਵਾਨਾਂ ਦੀ ਧੜਕਣ ਵਧੀ ਹੋਈ ਹੈ। ਵੱਡੀ ਮੁਸ਼ਕਲ ਉਨ੍ਹਾਂ ਹਲਕਿਆਂ ’ਚ ਹੈ ਜਿੱਥੇ ਮੌਜੂਦਾ ਵਿਧਾਇਕਾਂ ਦੀ ਥਾਂ ਨਵੇਂ ਚਿਹਰੇ ਉਤਾਰੇ ਜਾਣੇ ਹਨ।

Share: