ਸਮਾਜ ਦੀ ਹੋਂਦ ਤੇ ਸਭ ਤੋਂ ਵੱਡਾ ਸੰਕਟ ਸੱਚ ਦੀ ਪਛਾਣ ਤੇ ਸੰਭਾਲ ਨਾ ਹੋਣ ਕਾਰਨ ਪੈਦਾ ਹੁੰਦਾ ਹੈ I ਮਨੁੱਖ ਭਰਮਾਂ ਤੇ ਸ਼ੰਕਾਵਾਂ ‘ਚ ਉਲਝ ਕੇ ਰਹਿ ਜਾਂਦਾ ਹੈ ਤੇ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਬਹਿੰਦਾ ਹੈ I ਯੋਗ ਤੇ ਅਯੋਗ ਦੀ ਸਮਝ ਅਲੋਪ ਹੋ ਜਾਂਦੀ ਹੈ I ਸਚ ਦੀ ਮਹੱਤਾ ਨੂੰ ਵਿਸਾਰ ਦਿੱਤਾ ਜਾਂਦਾ ਹੈ I ਇਹ ਹਾਲਾਤ ਦੁੱਖਾਂ ਦਾ ਮੂਲ ਕਾਰਨ ਬਣਦੇ ਹਨ I ਮਨੁੱਖ ਦੁੱਖਾਂ ਤੋਂ ਨਿਜਾਤ ਪ੍ਰਾਪਤ ਕਰਨ ਲਈ ਧਰਮ ਦੀ ਸ਼ਰਣ ਲੈਣਾ ਚਾਹੁੰਦਾ ਹੈ ਪਰ ਉੱਥੇ ਵੀ ਝੂਠ , ਫਰੇਬ ਤੇ ਅਨਿਆਂ ਦਾ ਬੋਲਬਾਲਾ ਹੈ I ਕੋਈ ਆਸ ਬਾਕੀ ਨਹੀਂ ਰਹਿੰਦੀ I ਹਰ ਜਗਹ ਛਲਾਵਾ ਹੀ ਹੈ “ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ “ I ਇਲਾਹੀ ਦ੍ਰਿਸ਼ਟੀ ਦੇ ਸੁਆਮੀ , ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਦੁਖ ਹਰਣ ਲਈ ਸਚ ਦੀ ਸੱਤਾ ਕਾਇਮ ਕਰਨ ਦਾ ਮਿਸ਼ਨ ਆਰੰਭਿਆ ਤੇ ਖੋਟੇ ਨੂੰ ਖੋਟਾ ਤੇ ਖਰੇ ਨੂੰ ਖਰਾ ਕਹਿਣ ਦੀ ਪ੍ਰੇਰਣਾ ਕੀਤੀ । ਗੁਰੂ ਨਾਨਕ ਸਾਹਿਬ ਨੇ ਅਜਿਹੀ ਸਂਗਤ ਬਣਾਈ ਜਿਸ ਨੂੰ ਸੁੱਤੇ ਤੇ ਜਾਗੇ ਹੋਏ ਦੀ ਪਛਾਣ ਸੀ , ਮਿੱਠੇ ਤੇ ਕੌੜੇ ਦਾ ਭੇਦ ਗਿਆਤ ਸੀ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਇਸ ਸਿਧਾਂਤਕ ਜਮੀਨ ਤੇ ਖਾਲਸਾਈ ਸਮਾਜ ਦੀ ਸਿਰਜਨਾ ਕੀਤੀ ਜੋ ਅਡੋਲ , ਜਾਗੇ ਹੋਏ ਤੇ ਸਿਦਕ ਦਾ ਧਾਰਨੀ ਬਣਿਆ I ਗੁਰੂ ਨਾਨਕ ਸਾਹਿਬ ਦੀ ਚਿੰਤਾ ਸੀ “ ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ “ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਚਿੰਤਾ ਦੇ ਸਦੀਵੀ ਨਿਦਾਨ ਲਈ ਪੂਰਨ ਸੁਚੇਤ ਤੇ ਸਮਰਪਤ ਸਮਾਜ ਤਿਆਰ ਕੀਤਾ “ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ “ I ਸਮਾਜ ਅੰਦਰ ਵਿਵਸਥਾ ਬਣੀ ਰਹੇ , ਮਨੁੱਖੀ ਸਨਮਾਨ ਸੁਰਖਿਅਤ ਰਹੇ ਤੇ ਸਚ ਦੀ ਪ੍ਰਧਾਨਤਾ ਹੋਵੇ ਇਸ ਲਈ ਹਰ ਮਨੁੱਖ ਆਪਣਾ ਹਿੱਸਾ ਹੁੰਦਾ ਹੈ I ਜਦੋਂ ਸਮਾਜਕ ਵਿਵਸਥਾ ਦੀ ਜਿੰਮੇਵਾਰੀ ਕਿਸੇ ਖਾਸ ਵਰਗ , ਕੁਝ ਲੋਗਾਂ ਜਾਂ ਕਿਸੇ ਇੱਕ ਤੇ ਛੱਡ ਦਿੱਤੀ ਜਾਂਦੀ ਹੈ , ਜੁਲਮ , ਜਬਰ ਤੇ ਅਧਰਮ ਦੇ ਹਾਲਾਤ ਪੈਦਾ ਹੁੰਦੀਆਂ ਦੇਰ ਨਹੀਂ ਲੱਗਦੀ I ਗੁਰੂ ਨਾਨਕ ਸਾਹਿਬ ਦੇ ਸੰਸਾਰ ਆਗਮਨ ਸਮੇਂ ਇਹੋ ਜਿਹੇ ਹਾਲਾਤ ਕਾਰਨ ਹੀ ਸਮਾਜ ਜਬਰਦਸਤ ਨਿਘਾਰ ਵੱਲ ਵੱਧ ਰਿਹਾ ਸੀ I ਜੀਵਨ ਦੇ ਹਰ ਖੇਤਰ ਵਿੱਚ ਬੇ ਭਰੋਸਗੀ ਤੇ ਬੇਬਸੀ ਵਰਤ ਰਹੀ ਸੀ I ਗੁਰੂ ਨਾਨਕ ਸਾਹਿਬ ਨੇ ਸਚ ਦੀ ਆਵਾਜ ਬੁਲੰਦ ਕਰ ਸਤਾਏ , ਨਿਰੀਹ ਲੋਕਾਂ ਨੂੰ ਨਿਰਾਸਾ ਦੇ ਉਸ ਹਨੇਰੇ ਤੋਂ ਬਾਹਰ ਕਢਣ ਦਾ ਕਰਿਸ਼ਮਾ ਕੀਤਾ ਜੋ ਓਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਸੀ I ਅਸੰਖ ਲੋਕਾਂ ਅੰਦਰ ਆਸ ਜਾਗ ਪਈ ਕਿ ਸਦੀਆਂ ਤੋਂ ਚੱਲੀ ਆ ਰਹੀ ਦੀਨ ਹੀਨ ਸਥਿਤਿਆਂ ਬਦਲ ਸਕਦੀਆਂ ਹਨ I ਗੁਰੂ ਤੇਗ ਬਹਾਦਰ ਸਾਹਿਬ ਦੇ ਕਾਲ ਤੱਕ ਆਉਂਦੀਆਂ – ਆਉਂਦੀਆਂ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਸਚ ਦਾ ਸੂਰਜ ਮਨੁੱਖਤਾ ਦੇ ਆਕਾਸ਼ ਤੇ ਪੂਰਨ ਪ੍ਰਗਟ ਹੋ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਸਚ ਦੇ ਸੂਰਜ ਦੀਆਂ ਕਿਰਨਾਂ ਦਾ ਬਾਨਾ ਤਿਆਰ ਕਰ ਮਨੁੱਖਤਾ ਨੂੰ ਵਿਸਮਾਦੀ ਵੇਸ਼ ਬਖਸ਼ਿਆ ਜੋ ਉਸ ਦੀ ਜਾਗ੍ਰਤ ਅਵਸਥਾ ਦੀ ਗਵਾਹੀ ਦੇਣ ਵਾਲਾ ਸੀ I ਜਤ , ਜੋਗ ਤੇ ਨੇਮ ਦੀਆਂ ਤੰਦਾਂ ਨਾਲ ਬਣਿਆ ਇਹ ਵੇਸ਼ “ ਜਤ ਕੀ ਜਟਾ ਜੋਗ ਕੋ ਮੰਜਨੁ ਨੇਮ ਕੇ ਨਖਨ ਬਢਾਓ “ ਸੱਚੇ ਸਿਦਕ ਦਾ ਪ੍ਰਤੀਕ ਸੀ ਜੋ ਗੁਰੂ ਦੇ ਗਿਆਨ ਤੋਂ ਪ੍ਰੇਰਨਾ ਲੈ ਰਿਹਾ ਸੀ ਤੇ ਪਰਮਾਤਮਾ ਦੇ ਅਨੰਦ ਵਿੱਚ ਰਮਿਆ ਹੋਇਆ ਸੀ “ ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ “ I ਇਸ ਵੇਸ਼ ਨੂੰ ਸੰਜਮ ਤੇ ਗੁਣ ਧਾਰਨ ਕਰਨ ਵਾਲੇ ਹੀ ਪਾ ਸੱਕਦੇ ਸਨ “ ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ “ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਵੇਸ਼ ਧਾਰਣ ਕਰਨ ਵਾਲਿਆਂ ਨੂੰ ਹੋਰ ਮਰਿਆਦਾ ਨਾਲ ਬੰਨਦੀਆਂ ਕਿਹਾ ਕਿ ਉਹ ਵਿਕਾਰਾਂ ਨੂੰ ਤਿਆਗ , ਸ਼ੀਲ ਤੇ ਸੰਤੋਖ ਤੇ ਸਦਾ ਅਟਲ , ਅਡੋਲ ਰਹਿਣ ਤੇ ਨਿਰਲੇਪ ਜੀਵਨ ਬਤੀਤ ਕਰਨ I
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਨੁੱਖੀ ਜੀਵਨ ਨੂੰ ਸੱਚੇ ਸੁੱਚੇ ਵਿਉਹਾਰ ਨਾਲ ਜੋੜਦਿਆਂ , ਪੁਨੀਤ , ਪਵਿੱਤਰ ਸਵਰੂਪ ‘ਚ ਵੇਖਿਆ ਜੋ ਸਮਕਾਲੀ ਸਮਾਜ ਅੰਦਰ ਦੁਰਲਭ ਤੇ ਨਾਮੁਮਕਿਨ ਜਿਹਾ ਮੰਨ ਲਿਆ ਗਿਆ ਸੀ I
ਆਤਮ ਉਪਦੇਸ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੈ II
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ II
ਗੁਰੂ ਗੋਬਿੰਦ ਸਿੰਘ ਸਾਹਿਬ ਮਨੁੱਖ ਦੀਆਂ ਨਿਜੀ ਤੇ ਸਮਾਜਕ ਕਮਜੋਰੀਆਂ ਤੋਂ ਚੰਗੀ ਤਰਹ ਵਾਕਫ ਸਨ I ਆਪ ਨੇ ਬਾਲ ਅਵਸਥਾ ‘ਚ ਹੀ ਅਧਰਮ ਤੇ ਅਨਿਆਂ ਦਾ ਸਭ ਤੋਂ ਬਦਸ਼ਕਲ ਤੇ ਭਿਆਨਕ ਚਿਹਰਾ ਵੇਖਿਆ ਸੀ ਤੇ ਬਿਨਾ ਕਿਸੇ ਭੈ ਦੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਲਿਦਾਨ ਲਈ ਪ੍ਰੇਰਿਆ ਸੀ I ਇਹ ਸ੍ਰਿਸ਼ਟੀ ਦੇ ਇਤਿਹਾਸ ਦੀ ਸਭ ਤੋਂ ਵਿਲਖਣ ਘਟਨਾ ਸੀ I ਬਿਨਾ ਸਮਾਂ ਗਵਾਈਆਂ , ਬਿਨਾ ਕਿਸੇ ਭਰਮ ਤੇ ਦੁਵਿਧਾ ਅਜਿਹੇ ਦੂਰਗਾਮੀ ਨਿਰਣੇ ਤੇ ਪੁੱਜ ਜਾਣਾ ਗੁਰੂ ਸਾਹਿਬ ਦੀ ਰੱਬੀ ਸ਼ਕਤੀ ਸਭ ਤੋਂ ਸ੍ਰੇਸ਼ਟ ਪ੍ਰਮਾਣ ਸੀ I ਜੁਲਮ ਤੇ ਜਬਰ ਨੂੰ ਢਾਹ ਲਾਉਣ ਲਈ ਹੌਸਲੇ ਤੇ ਨਿਡਰਤਾ ਦੀ ਲੋੜ ਸੀ I ਗੁਰੂ ਸਾਹਿਬ ਜਾਣਦੇ ਸਨ ਕਿ ਸੰਜਮ ਤੇ ਸਿਦਕ ਤੇ ਅਡੋਲ ਰਹਿਣ ਵਾਲੇ ਹੀ ਸਚ ਤੇ ਹੱਕ ਦੀ ਲੜਾਈ ਲੜ ਸੱਕਦੇ ਹਨ ਤੇ ਅਡੋਲਤਾ ਪਰਮਾਤਮਾ ਦੀ ਸ਼ਰਣ ਆਈਆਂ ਹੀ ਪ੍ਰਾਪਤ ਹੁੰਦੀ ਹੈ I ਆਪ ਨੇ ਮਨੁੱਖੀ ਚੇਤਨਾ ਨੂੰ ਜਗਾਉਣ ਲਈ ਆਵਾਜ ਮਾਰੀ “ ਪ੍ਰਾਨੀ ਪਰਮ ਪੁਰਖ ਪਗ ਲਾਗੋ “ I ਪਰਮਾਤਮਾ ਪ੍ਰਤੀ ਮਨੁੱਖ ਦੀਆਂ ਸਾਰੀਆਂ ਦੁਵਿਧਾਵਾਂ ਦੂਰ ਕਰਨ ਲਈ ਗੁਰੂ ਸਾਹਿਬ ਨੇ ਜਾਪੁ ਸਾਹਿਬ ਜਿਹੀ ਅਮਰ ਬਾਣੀ ਦੀ ਰਚਨਾ ਕੀਤੀ ਜਿਸ ਅੰਦਰ ਪਰਮਾਤਮਾ ਦੀ ਵਿਆਪਕਤਾ ਤੇ ਵਡਿਆਈ ਦਾ ਅਤਿ ਵਿਸਮਾਦੀ ਰੂਪ ਉਭਰ ਕੇ ਸਾਹਮਣੇ ਆਇਆ I ਸੰਸਾਰ ਅੰਦਰ ਕਿਸੇ ਨੂੰ ਵੀ ਜੇ ਰੱਤੀ ਭਰ ਵੀ ਕੋਈ ਸ਼ੰਕਾ ਪਰਮਾਤਮਾ ਦੀ ਸਮਰਥਾ ਪ੍ਰਤੀ ਹੋਵੇ ਤਾਂ ਜਾਪੁ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਾਅਦ ਦੂਰ ਹੋ ਜਾਂਦੀ ਹੈ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਆਪ ਸਾਬਤ ਕਰ ਕੇ ਵਿਖਾਇਆ I ਆਪ ਨੇ ਚਾਰੋ ਸਾਹਿਬਜਾਦਿਆਂ ਦੀ ਸ਼ਹੀਦੀ , ਮਾਤਾ ਜੀ ਦੇ ਪਰਲੋਕ ਗਮਨ , ਪਰਿਵਾਰ ਤੇ ਸਿੱਖਾਂ ਦੇ ਖਿੰਡਰ ਜਾਣ ਤੋਂ ਬਾਅਦ , ਇੱਕਲਿਆਂ ਹੁੰਦੀਆਂ ਵੀ ਪਰਮਾਤਮਾ ਤੇ ਅਟੁੱਟ ਭਰੋਸਾ ਬਣਾਈ ਰੱਖਿਆ I
ਤੁਰਾ ਗਰ ਨਜਰ ਹਸਤ ਲਸ਼ਕਰ ਵ ਜਰ
ਕਿ ਮਾਰਾ ਨਿਗ੍ਹਾਅਸਤ ਯਜਦਾਂ ਸ਼ੁਕਰ I
( ਜਫਰਨਾਮਾ )
ਅਧਰਮੀ , ਅਨਿਆਈ ਤੇ ਜਾਬਰ ਦਾ ਅਧਰਮ , ਅਨਿਆਂ , ਜਬਰ ਉਸ ਅੰਦਰ ਭਰੇ ਹੋਏ ਤਾਕਤ , ਦੌਲਤ ਤੇ ਖਜਾਨੇ ਤੇ ਮਾਣ , ਹੰਕਾਰ ਕਾਰਨ ਵਰਤਦਾ ਹੈ I ਆਪਨੇ ਹੰਕਾਰ ਕਾਰਨ ਉਹ ਪਰਮਾਤਮਾ ਤੋਂ ਵੇਮੁਖ ਹੋ ਜਾਂਦਾ ਹੈ I ਪਰਮਾਤਮਾ ਦੀ ਹੁਕੂਮਤ ਸਵੀਕਾਰ ਕਰਨ ਵਾਲਾ ਸਦਾ ਪਰਮਾਤਮਾ ਤੇ ਭਰੋਸਾ ਬਣਾਈ ਰੱਖਦਾ ਹੈ I ਹਰ ਹਾਲ ਵਿੱਚ ਉਹ ਪਰਮਾਤਮਾ ਦਾ ਸ਼ੁਕਰ ਗੁਜਾਰ ਰਹਿੰਦਾ ਹੈ I ਪਰਮਾਤਮਾ ਤੇ ਭਰੋਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਦੀ ਅਸਲੀ ਤਾਕਤ ਬਣਾਇਆ I ਇਸ ਤਾਕਤ ਦਾ ਕੋਈ ਸਾਨੀ ਨਹੀਂ ਸੀ I ਚਮਕੌਰ ਦੀ ਕੱਚੀ ਗੜ੍ਹੀ ਦੇ ਬਾਹਰ ਵੈਰੀ ਦੀ ਦਸ ਲੱਖ ਫੌਜ ਪੂਰੇ ਸਾਜੋ ਸਾਮਾਨ ਨਾਲ ਮੁਕਾਬਲੇ ਲਈ ਖੜੀ ਸੀ ਪਰ ਕੁਲ ਚਾਲੀਹ ਸਿੱਖ , ਇਸ ਤੋਂ ਨਿਰੇ ਬੇਪਰਵਾਹ , ਪੂਰੇ ਜਜਬੇ ਨਾਲ ਜੂਝਣ ਲਈ ਤਿਆਰ ਨਜਰ ਆਏ I ਆਤਮ ਬਲ ਨਾਲ ਭਰਪੂਰ ਚਾਲੀਹ ਸਿੱਖ ਦੱਸ ਲੱਖ ਦੀ ਫੌਜ ਤੇ ਭਾਰੀ ਪੈ ਰਹੇ ਸਨ I ਇਸ ਨਿਰਭੈਤਾ ਤੇ ਬਹਾਦਰੀ ਲਈ ਸਿੱਖ ਸਦਾ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਰਹੇ I ਸਿੱਖਾਂ ਦੀ ਹਰ ਜਿੱਤ , ਹਰ ਪ੍ਰਾਪਤੀ ਪਰਮਾਤਮਾ ਦੀ ਜਿੱਤ ਤੇ ਪ੍ਰਾਪਤੀ ਵੱਜੋਂ ਵੇਖੀ ਜਾਂਦੀ ਸੀ I ਸਿੱਖਾਂ ਨੇ ਆਪਣੀ ਤਾਕਤ ਤੇ ਕਦੇ ਮਾਣ ਨਹੀਂ ਕੀਤਾ “ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ “ I
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਮਾਤਮਾ ਨੂੰ ਸਮਰਪਤ ਭਗਤ ਸਾਜੇ ਜੋ ਆਪਣੀ ਭਗਤੀ ਦੀ ਰਾਹ ਵਿੱਚ ਆਉਣ ਵਾਲੇ ਕਿਸੇ ਵੀ ਵਿਘਨ ਨੂੰ ਦੂਰ ਕਰਨ ਦੀ ਸਮਰਥਾ ਰੱਖਦੇ ਸਨ I ਪਰਮਾਤਮਾ ਪ੍ਰਤੀ ਪ੍ਰੇਮ , ਸ਼ਰਧਾ ਤੇ ਸਮਰਪਣ ਉਹਨਾ ਲਈ ਸਭ ਤੋਂ ਅਨਮੋਲ ਸੀ I ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਆਤਮਕ ਜਾਗ੍ਰਿਤੀ ਦੀ ਅਵਸਥਾ , ਨਿਰਮਲ ਅਵਸਥਾ ਸੀ I ਖਾਲਸਾ ਦੀ ਸਾਜਨਾ ਸਿੱਖਾਂ ਦੀ ਨਿਰਮਲ ਅਵਸਥਾ ਨੂੰ ਪਰਗਟ ਕਰਨ ਲਈ ਇੱਕ ਅਦੁੱਤੀ ਕਦਮ ਸੀ I ਇੱਕ ਬਾਟੇ ਤੋਂ ਅੰਮ੍ਰਿਤ ਪਾਨ ਕਰ , ਇੱਕੋ ਜਿਹੇ ਕਕਾਰ ਧਾਰਣ ਕਰ ਲੱਖਾਂ ਸਿੱਖਾਂ ਨੇ ਸਮਾਜ ਦੀ ਵੰਡ ਕਰਨ ਵਾਲੀ ਹਰ ਸੋਚ ਨੂੰ ਖਾਰਜ ਕਰ ਦਿੱਤਾ I ਸਾਰੇ ਹੀ ਸਿੰਘ ਤੇ ਕੌਰ ਬਣ ਇਕ ਅਜਿਹੇ ਸਮਾਜ ਦੇ ਥੰਮ ਬਣੇ ਜਿੱਥੇ ਕਿਸੇ ਵਿਅਕਤੀ ਨਹੀਂ ਪਰਮਾਤਮਾ ਦੀ ਅਧੀਨਤਾ ਸੀ I ਜਿੱਥੇ ਇੱਕ ਹੀ ਰਾਜਾ , ਦਾਤਾ , ਰਾਖਨਹਾਰ ਸੀ ਬਾਕੀ ਸਾਰੇ ਉੱਸ ਦੇ ਲਾਲੇ ਗੋਲੇ ਸਨ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਆਪ ਨੂੰ ਵੀ ਬਾਕੀਆਂ ਦੀ ਕਤਾਰ ਵਿੱਚ ਸ਼ਾਮਲ ਕਰ ਪਰਮਾਤਮਾ ਦੀ ਵਡਿਆਈ ਨੂੰ ਨਵੀਂ ਉਚਾਈ ਤੇ ਪੁਜਾ ਦਿੱਤਾ ਜਿੱਥੇ “ ਨਮੋ ਰਾਜ ਰਾਜੇ , ਨਮੋ ਸਾਜ ਸਾਜੇ , ਨਮੋ ਸ਼ਾਹ ਸ਼ਾਹੇ , ਨਮੋ ਮਾਹ ਮਾਹੇ “ ਦੀਆਂ ਗੂੰਜਾਂ ਪੈ ਰਹੀਆਂ ਸਨ I ਪਰਮਾਤਮਾ ਅੱਗੇ ਨਤ ਮਸਤਕ ਹੋਣ ਵਾਲੇ ਸਿੱਖ “ ਬਿਅੰਤ ਨਾਮ ਧਿਆਇ ਹੋਂ , ਪਰਮ ਜੋਤਿ ਪਾਇ ਹੋਂ “ ਦੀ ਭਾਵਨਾ ਨਾਲ ਭਰੇ ਹੋਏ ਸਨ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਬੇਮਿਸਾਲ ਸਮਾਜ ਸਾਜਿਆ ਜਿਸ ਦੀ ਸੋਚ , ਸੰਕਲਪ ਤੇ ਵਿਉਹਾਰ ਪੂਰਨ ਆਦਰਸ਼ ਤੇ ਪ੍ਰੇਰਣਾਦਾਈ ਸੀ I ਗੁਰੂ ਸਾਹਿਬ ਨੂੰ ਖਾਲਸਾ ਦੀ ਸਾਜਨਾ ਤੋਂ ਬਾਅਦ ਪ੍ਰਸਾਰ , ਪ੍ਰਚਾਰ ਲਈ ਸਾਲ ਭਰ ਦਾ ਵੀ ਸਮਾਂ ਨਹੀਂ ਮਿਲਿਆ ਤੇ ਥੋਪੇ ਗਏ ਜੁੱਧਾਂ ‘ਚ ਰੁਝ ਜਾਣਾ ਪਿਆ I ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਸਾਲ ਦਾ ਵੀ ਸਮਾਂ ਖਾਲਸਾਈ ਸੋਚ ਨੂੰ ਅਗਾਂਹ ਵਧਾਉਣ ਲਈ ਮਿਲ ਗਿਆ ਹੁੰਦਾ ਤਾਂ ਅੱਜ ਸੰਸਾਰ ਦੇ ਹਾਲਾਤ ਵਖਰੇ ਹੋਣੇ ਸਨ I
ਅੱਜ ਜਿਤਨੇ ਵੀ ਸਿੱਖ ਹਨ ਖਾਲਸਾਈ ਵਿਰਾਸਤ ਦਾ ਧਾਰਣੀ ਹੋਣ ਕਾਰਨ ਵਡਭਾਗੀ ਮਹਿਸੂਸ ਕਰਦੇ ਹਨ , ਇਸ ਵਿਰਾਸਤ ਦੀ ਚੜ੍ਹਦੀਕਲਾ ਦੀ ਜਿੰਮੇਵਾਰੀ ਨਾਲ ਵੀ ਬੰਨੇ ਹੋਏ ਹਨ I ਲੋੜ ਹੈ ਆਤਮ ਪੜਚੋਲ ਕਰਨ ਦੀ ਕਿ ਸਾਡੇ ਅੰਦਰ ਕਿੰਨਾ ਮਾਣ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੋਣ ਦਾ ਤੇ ਕਿੰਨੀ ਜਿੰਮੇਵਾਰੀ ਅਸੀਂ ਨਿਬਾਹ ਰਹੇ ਹਾਂ I

