ਜਲੰਧਰ (ਮਨੀਸ਼ ਰਿਹਾਨ) : ਜਲੰਧਰ ਵਿਖੇ ਅੱਧੀ ਰਾਤ ਨੂੰ ਵਾਪਰੇ ਇਕ ਰੂਹ ਕੰਬਾਊ ਸੜਕ ਹਾਦਸੇ ਵਿੱਚ ਦੋ ਪਰਿਵਾਰਾਂ ਦੇ ਚਿਰਾਗ ਬੁਝ ਗਏ। ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਘਰ ਪਰਤ ਰਹੇ ਦੋ ਨੌਜਵਾਨਾਂ ਦੀ ਕਾਰ ਪੁਲੀਸ ਲਾਈਨ ਨਜ਼ਦੀਕ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਤਰੀਕੇ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਸ਼ਹੂਰ ਸੰਗੀਤ ਕੰਪਨੀ ‘ਸਪੀਡ ਰਿਕਾਰਡਜ਼’ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਵਿਦਿਤ ਔਲਖ (18-19) ਅਤੇ ‘ਪੱਪੀ ਸਵੀਟਸ’ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ (18-19) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਦੋਸਤ ਫੋਕਸਵੈਗਨ ਕਾਰ ਵਿੱਚ ਸਵਾਰ ਹੋ ਕੇ ਜਨਮ ਦਿਨ ਦੀ ਪਾਰਟੀ ਮਗਰੋਂ ਵਾਪਸ ਪਰਤ ਰਹੇ ਸਨ। ਕਾਰ ਜਦੋਂ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਸੀ ਤਾਂ ਫਲਾਈਓਵਰ ਉੱਤੇ ਸਫ਼ਾਈ ਕਾਰਜਾਂ ਲਈ ਖੜ੍ਹਾਈ ਗਈ ਨਗਰ ਨਿਗਮ ਦੀ ਟਰਾਲੀ ਵਿੱਚ ਜਾ ਵੱਜੀ। ਪੁਲੀਸ ਮੁਤਾਬਕ ਹਾਦਸੇ ਸਮੇਂ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਫਲਾਈਓਵਰ ਦੀ ਸਫ਼ਾਈ ਕਰ ਰਹੇ ਸਨ ਅਤੇ ਕੂੜਾ ਲੱਦਣ ਲਈ ਟਰੈਕਟਰ-ਟਰਾਲੀ ਸੜਕ ’ਤੇ ਖੜ੍ਹੀ ਕੀਤੀ ਹੋਈ ਸੀ। ਹਾਦਸੇ ਦੀ ਸੂਚਨਾ ਐਤਵਾਰ ਤੜਕੇ ਕਰੀਬ 3 ਵਜੇ ਥਾਣਾ ਬਾਰਾਦਰੀ ਦੀ ਪੁਲੀਸ ਨੂੰ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਥਾਣਾ ਬਾਰਾਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਕਾਰ ਵਿੱਚ ਸ਼ੁਰੂਆਤ ਵਿੱਚ ਪੰਜ ਨੌਜਵਾਨ ਮੌਜੂਦ ਸਨ, ਪਰ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਤਿੰਨ ਹੋਰ ਨੌਜਵਾਨ ਆਪੋ-ਆਪਣੇ ਘਰ ਉੱਤਰ ਚੁੱਕੇ ਸਨ।ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦੋਵੇਂ ਪਰਿਵਾਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਐੱਸਐੱਚਓ ਅਨੁਸਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਪੁਲੀਸ ਜਾਂ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਜ਼ਰੂਰੀ ਰਸਮੀ ਕਾਰਵਾਈ ਪੂਰੀ ਕਰਕੇ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

