ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਦਿੱਲੀ ਦੇ ਜਵਾਹਰਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ਵਿਖੇ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਬਾਲ ਕਮਿਸ਼ਨ (ਡੀ.ਸੀ.ਪੀ.ਸੀ.ਆਰ.) ਨੇ ਦਿਲਜੀਤ ਦੋਸਾਂਝ ਦੇ ਗੀਤਾਂ ਵਿੱਚ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵਡਿਆਈ ਕਰਨ ਦੀ ਮਿਲੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸਮਾਜਿਕ ਕਾਰਕੁਨ ਪ੍ਰੋਫ਼ੈਸਰ ਡਾ. ਪੰਡਿਤਰਾਓ ਧਰੇਨਾਵਰ ਨੇ 14 ਅਕਤੂਬਰ ਨੂੰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਿਲਜੀਤ ਦੋਸਾਂਝ ਦੇ ਗੀਤਾਂ ਜਿਵੇਂ ਕਿ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’ ਅਤੇ ‘ਜੀਭ/ਜੇਬ ਵਿਚੋਂ ਅਫ਼ੀਮ ਲੱਭੀਆਂ’ ਵਰਗੇ ਗਾਣਿਆਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਨੂੰ ਵਧਾਵਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੇ ਖ਼ਦਸ਼ਾ ਪ੍ਰਗਟਾਇਆ ਕਿ ਅਜਿਹੇ ਗੀਤਾਂ ਦਾ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਅਕਸ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਕੰਸਰਟ ਦੌਰਾਨ ਅਜਿਹੇ ਗਾਣੇ ਗਾਉਣ ’ਤੇ ਰੋਕ ਲਗਾਈ ਜਾਵੇ ਅਤੇ ਇਸ ਸਬੰਧੀ ਢੁਕਵੀਂ ਐਡਵਾਇਜ਼ਰੀ ਜਾਂ ਨੋਟਿਸ ਜਾਰੀ ਕੀਤਾ ਜਾਵੇ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਗੀਤਾਂ ਦੇ ਬੋਲ ਬਦਲ ਕੇ ਗਾਉਣ ਦੀ ਵੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਹੁਕਮਾਂ ਦਾ ਹਵਾਲਾ ਵੀ ਦਿੱਤਾ ਹੈ।
ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ’ਤੇ ਵੀ ਇਤਰਾਜ਼ਸ਼ਿਕਾਇਤ ਵਿੱਚ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ’ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਗਈ ਹੈ। ਧਰੇਨਾਵਰ ਨੇ ਦਲੀਲ ਦਿੱਤੀ ਹੈ ਕਿ ਉੱਚੀ ਆਵਾਜ਼ ਅਤੇ ਤੇਜ਼ੀ ਨਾਲ ਚਮਕਣ ਵਾਲੀਆਂ ਲਾਈਟਾਂ ਬੱਚਿਆਂ ਦੀ ਸਿਹਤ, ਖ਼ਾਸ ਕਰਕੇ ਸੁਣਨ ਦੀ ਸਮਰੱਥਾ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਡੀ.ਸੀ.ਪੀ.ਸੀ.ਆਰ. ਦੇ ਚੇਅਰਮੈਨ ਡਾ. ਓਮ ਪ੍ਰਕਾਸ਼ ਵਿਆਸ, ਮੈਂਬਰ ਰਾਹੁਲ ਗੌਤਮ ਅਤੇ ਸਵਾਤੀ ਗੁਪਤਾ ਦੇ ਬੈਂਚ ਨੇ ਇਸ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਪੁਲੀਸ ਨੂੰ ਕਾਪੀ ਭੇਜ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਕਿ ਬਾਲ ਅਧਿਕਾਰ ਸੁਰੱਖਿਆ ਕਾਨੂੰਨ 2005 ਤਹਿਤ ਬੱਚਿਆਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ‘ਔਰਾ ਇੰਡੀਆ ਟੂਰ’ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹੋ ਰਿਹਾ ਹੈ। ਦਿੱਲੀ ਵਿਖੇ ਹੋਣ ਵਾਲੇ ਇਸ ਸਮਾਗਮ ਲਈ ਦਿੱਲੀ ਮੈਟਰੋ ਅੱਧੀ ਰਾਤ ਤੱਕ ਗੇੜੇ ਲਾਵੇਗੀ।
