Diljit Dosanjh ਦੇ ਦਿੱਲੀ ’ਚ ਕੰਸਰਟ ਦੌਰਾਨ ਅੱਧੀ ਰਾਤ ਤੱਕ ਚੱਲੇਗੀ ਮੈਟਰੋ

Diljit Dosanjh ਦੇ ਦਿੱਲੀ ’ਚ ਕੰਸਰਟ ਦੌਰਾਨ ਅੱਧੀ ਰਾਤ ਤੱਕ ਚੱਲੇਗੀ ਮੈਟਰੋ

ਨਵੀਂ ਦਿੱਲੀ : ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਖੇ ਸ਼ੁੱਕਰਵਾਰ ਨੂੰ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਕੰਸਰਟ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲਗਪਗ 70,000 ਦਰਸ਼ਕਾਂ ਦੀ ਭੀੜ ਨੂੰ ਸੰਭਾਲਣ ਲਈ ਦਿੱਲੀ ਮੈਟਰੋ (DMRC) ਨੇ ਏਅਰਪੋਰਟ ਐਕਸਪ੍ਰੈੱਸ ਅਤੇ ਰੈਪਿਡ ਮੈਟਰੋ ਨੂੰ ਛੱਡ ਕੇ ਸਾਰੀਆਂ ਲਾਈਨਾਂ ’ਤੇ ਟਰੇਨ ਸੇਵਾਵਾਂ ਅੱਧੀ ਰਾਤ ਤੱਕ ਵਧਾ ਦਿੱਤੀਆਂ ਹਨ। ਇਹ ਕੰਸਰਟ ਪਹਿਲਾਂ 1 ਨਵੰਬਰ ਲਈ ਤੈਅ ਸੀ, ਪਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਪੀਲ ’ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਕਾਰਨ ਇਸ ਦੀ ਤਾਰੀਖ਼ ਬਦਲ ਕੇ 30 ਅਕਤੂਬਰ ਕੀਤੀ ਗਈ। ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਵੀਡੀਓ ਸੰਦੇਸ਼ ਰਾਹੀਂ ਪ੍ਰਸ਼ੰਸਕਾਂ ਨੂੰ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਸਟੇਡੀਅਮ ’ਚ ਪਾਰਕਿੰਗ ਉਪਲੱਬਧ ਨਹੀਂ ਹੋਵੇਗੀ ਅਤੇ ਆਸ-ਪਾਸ ਟਰੈਫਿਕ ਪਾਬੰਦੀਆਂ ਰਹਿਣਗੀਆਂ। ਸਭ ਤੋਂ ਨੇੜਲਾ ਸਟੇਸ਼ਨ ਵਾਇਲੇਟ ਲਾਈਨ ’ਤੇ ਸਥਿਤ ਜੇ.ਐੱਲ.ਐੱਨ. ਸਟੇਡੀਅਮ ਹੈ। ਮੈਟਰੋ ਵੱਲੋਂ ਵਾਧੂ ਟਰੇਨਾਂ, ਸਟੈਂਡਬਾਏ ਟਰੇਨਾਂ, ਵਾਧੂ ਸੁਰੱਖਿਆ ਅਮਲਾ ਅਤੇ ਮੈਟਲ ਡਿਟੈਕਟਰ ਤੈਨਾਤ ਕੀਤੇ ਗਏ ਹਨ। ‘ਦਿੱਲੀ ਮੈਟਰੋ ਸਾਰਥੀ’ ਐਪ ਰਾਹੀਂ ਕਿਊ.ਆਰ. ਟਿਕਟਾਂ ਖਰੀਦਣ ਦਾ ਸਮਾਂ ਵੀ ਇੱਕ ਘੰਟਾ ਵਧਾਇਆ ਗਿਆ ਹੈ। ਦਿਲਜੀਤ ਨੇ ਦੱਸਿਆ ਕਿ ਸ਼ੋਅ ਸ਼ਾਮ 7:30 ਵਜੇ ਸ਼ੁਰੂ ਹੋ ਕੇ ਰਾਤ 10 ਵਜੇ ਸਮਾਪਤ ਹੋਵੇਗਾ। ਉਨ੍ਹਾਂ ਪ੍ਰਸ਼ੰਸਕਾਂ ਨੂੰ ਸ਼ਾਮ 6:30 ਵਜੇ ਤੱਕ ਪਹੁੰਚਣ ਦੀ ਸਲਾਹ ਦਿੱਤੀ ਹੈ। ਗਾਇਕ ਨੇ ਪ੍ਰਸ਼ੰਸਕਾਂ ਦੀ ਫਰਮਾਇਸ਼ ’ਤੇ ‘ਸਾਂਸੋਂ ਕੀ ਮਾਲਾ’ ਗਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ 2026 ਦੇ ‘ਔਰਾ ਟੂਰ’ ਦਾ ਇਹ ਪਹਿਲਾ ਸ਼ੋਅ ਹੈ ਅਤੇ ਉਹ 2028 ’ਚ ਮੁੜ ਦਿੱਲੀ ਆਉਣਗੇ। ਪ੍ਰਸ਼ੰਸਕਾਂ ਨੂੰ ‘BookMyShow’ ਰਾਹੀਂ ਟਰੈਫਿਕ ਅਪਡੇਟਸ ਦੇਖਣ ਦੀ ਸਲਾਹ ਦਿੱਤੀ ਗਈ ਹੈ।

Share: