ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਨੇ ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2027 ਦੇ ਸੀਜ਼ਨ ਲਈ ਸ਼ੁੱਕਰਵਾਰ ਨੂੰ ਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਉਥੱਪਾ 2007 ਵਿੱਚ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਹ 40 ਸਾਲਾ ਖਿਡਾਰੀ ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਵੱਲੋਂ ਖੇਡਿਆ ਸੀ। ਮੁੰਬਈ ਇੰਡੀਅਨਜ਼ ਨੇ ‘ਐਕਸ’ (X) ’ਤੇ ਪੋਸਟ ਕੀਤਾ, ”ਸਾਡੇ ਪਹਿਲੇ ਸੀਜ਼ਨ ਦਾ ਹਿੱਸਾ ਬਣਨ ਤੋਂ ਲੈ ਕੇ ਹੁਣ ਅਥਾਹ ਤਜਰਬੇ ਨਾਲ ਵਾਪਸੀ ਕਰਨ ਤੱਕ, ਰੌਬਿਨ ਖੇਡ ਦੀ ਡੂੰਘੀ ਸਮਝ, ਬਹਿਤਰੀਨ ਸੰਚਾਰ ਸਮਰੱਥਾ ਅਤੇ ਨੌਜਵਾਨ ਖਿਡਾਰੀਆਂ ਦਾ ਮਾਰਗਦਰਸ਼ਨ ਕਰਨ ਦੀ ਸਪੱਸ਼ਟਤਾ ਨਾਲ ਟੀਮ ਨਾਲ ਜੁੜ ਰਹੇ ਹਨ। ਮੁੰਬਈ ਇੰਡੀਅਨਜ਼ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਰੌਬਿਨ।” ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਗੇਂਦਬਾਜ਼ੀ ਕੋਚ ਲਸਿਥ ਮਲਿੰਗਾ ਅਤੇ ਪਾਰਸ ਮਹਾਮਬਰੇ ਦੇ ਨਾਲ-ਨਾਲ ਫੀਲਡਿੰਗ ਕੋਚ ਕਾਰਲ ਹਾਪਕਿਨਸਨ ਨਾਲ ਵੀ ਨਾਤਾ ਤੋੜ ਲਿਆ ਸੀ। ਫਰੈਂਚਾਇਜ਼ੀ ਨੇ ਪਿਛਲੇ ਹਫ਼ਤੇ ਆਪਣੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਮੁੱਖ ਕੋਚ ਵਜੋਂ ਪਦ-ਉੱਨਤ (ਪ੍ਰਮੋਟ) ਕੀਤਾ ਸੀ, ਜਿਨ੍ਹਾਂ ਨੇ ਮਾਹੇਲਾ ਜੈਵਰਧਨੇ ਦੀ ਜਗ੍ਹਾ ਲਈ।
Posted inNew Delhi
IPL 2027: ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਨਵੇਂ ਬੱਲੇਬਾਜ਼ੀ ਕੋਚ

