ਨਿਸ਼ਿਨ (ਜਪਾਨ) : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ ਹੈ। ਅੱਜ ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ। ਇਸ ਵਾਰ ਦੀਆਂ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ’ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਤਿੰਨ ਵਿਕਟਾਂ ’ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜੋ ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਪਾਰੀ ਦੀ ਸ਼ੁਰੂਆਤ ਵਿੱਚ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੇ ਛੇ ਓਵਰਾਂ ਵਿੱਚ ਹੀ 59 ਦੌੜਾਂ ਜੋੜ ਦਿੱਤੀਆਂ। ਮੰਧਾਨਾ ਨੇ 45 ਗੇਂਦਾਂ ਵਿੱਚ 79 ਦੌੜਾਂ ਬਣਾਈਆਂ, ਸ਼ੈਫਾਲੀ 48 ਦੌੜਾਂ ਬਣਾ ਕੇ ਆਊਟ ਹੋਈ। ਆਖਰੀ ਓਵਰਾਂ ਵਿੱਚ ਰਿਚਾ ਘੋਸ਼ ਨੇ ਹਮਲਾਵਰ ਪਾਰੀ ਖੇਡਦਿਆਂ ਮਹਿਜ਼ 22 ਗੇਂਦਾਂ ਵਿੱਚ 49 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 15.4 ਓਵਰਾਂ ਵਿੱਚ ਮਹਿਜ਼ 69 ਦੌੜਾਂ ਉੱਤੇ ਢੇਰ ਹੋ ਗਈ।
ਸੋਨ ਤਗ਼ਮਿਆਂ ਦਾ ਖਾਤਾ ਖੋਲ੍ਹਿਆ: ਹਰਮਨਪ੍ਰੀਤ

