ਚੰਡੀਗਡ਼੍ਹ : ਕੇਂਦਰ ਸਰਕਾਰ ਨੇ ਪੰਜਾਬ ਦੀ ਇੱਕ ਫਿਊਮੀਗੇਸ਼ਨ ਕੰਪਨੀ ਵੱਲੋਂ ਕੀਤੀ ਧੋਖਾਧੜੀ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਕੰਪਨੀ ਦੀ ਹਰਕਤ ਕਾਰਨ ਆਸਟਰੇਲੀਆ ਵਿੱਚ ਭਾਰਤ ਨੂੰ ਵੱਡੀ ਨਮੋਸ਼ੀ ਝੱਲਣੀ ਪਈ ਹੈ। ਕਪੂਰਥਲਾ ਦੇ ਕਸਬਾ ਸੁਭਾਨਪੁਰ ਦੀ ਛੋਟੀ ਜਿਹੀ ਦੁਕਾਨ ’ਚ ਇਸ ਕੰਪਨੀ ਦਾ ਦਫ਼ਤਰ ਚੱਲ ਰਿਹਾ ਸੀ ਅਤੇ ਇਹ ਕੰਪਨੀ ਵਿਦੇਸ਼ਾਂ ਨੂੰ ਬਰਾਮਦ ਹੁੰਦੀ ਬਾਸਮਤੀ ਦੀ ਫਿਊਮੀਗੇਸ਼ਨ ਕਰਨ ਲਈ ਕੇਂਦਰੀ ਮਾਨਤਾ ਪ੍ਰਾਪਤ ਸੀ। ਚੇਤੇ ਰਹੇ ਕਿ ਆਸਟਰੇਲੀਆ ਨੇ ਪੰਜਾਬ-ਹਰਿਆਣਾ ਦੀਆਂ ਅੱਠ ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ। ਬਾਸਮਤੀ ਬਰਾਮਦ ਕਰਨ ਸਮੇਂ ਕੰਟੇਨਰਾਂ ਵਿੱਚ ਭਰੇ ਚੌਲਾਂ ਨੂੰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਰਸਾਇਣਕ ਗੈਸ ਛੱਡਣ ਦੀ ਪ੍ਰਕਿਰਿਆ ਨੂੰ ਫਿਊਮੀਗੇਸ਼ਨ ਕਿਹਾ ਜਾਂਦਾ ਹੈ।
ਨੈਸ਼ਨਲ ਸਟੈਂਡਰਡ ਫਾਰ ਫਾਈਟੋਸੈਨਟਰੀ ਮਾਪਦੰਡਾਂ-12 ਦੇ ਆਡਿਟ ਪ੍ਰੋਟੋਕਾਲ ਤਹਿਤ ਭਾਰਤ ਅਤੇ ਆਸਟਰੇਲੀਆ ਦੀ ਸਾਂਝੀ ਟੀਮ ਨੇ ਕਪੂਰਥਲਾ ਦੀ ਫਿਊਮੀਗੇਸ਼ਨ ਏਜੰਸੀ ਦੀ 26 ਜੂਨ 2026 ਨੂੰ ਜਾਂਚ ਕੀਤੀ ਸੀ। ਜਦੋਂ ਪੜਤਾਲ ਦੌਰਾਨ ਲੋੜੀਂਦੇ ਰਿਕਾਰਡ ਤੇ ਦਸਤਾਵੇਜ਼ ਮੰਗੇ ਗਏ ਤਾਂ ਕੰਪਨੀ ਨੇ ਤਰਕ ਦਿੱਤਾ ਕਿ ਦਫ਼ਤਰ ’ਚ ਅੱਗ ਲੱਗਣ ਕਾਰਨ ਰਿਕਾਰਡ ਸੜ ਗਿਆ ਹੈ। ਇਸ ਦੇ ਸਬੂਤ ਵਜੋਂ ਤਸਵੀਰਾਂ ਵੀ ਪੇਸ਼ ਕੀਤੀਆਂ। ਜਦੋਂ ਅੱਗੇ ਘੋਖ ਕੀਤੀ ਤਾਂ ਇਹ ਤਸਵੀਰਾਂ ਨਕਲੀ ਸਾਬਤ ਹੋਈਆਂ ਜੋ ਏ ਆਈ ਨਾਲ ਬਣਾਈਆਂ ਗਈਆਂ ਸਨ। ਆਸਟਰੇਲੀਆ ਨੇ ਇਸ ਧੋਖਾਧੜੀ ਦਾ ਗੰਭੀਰ ਨੋਟਿਸ ਲਿਆ। ਕੇਂਦਰੀ ਖੇਤੀ ਮੰਤਰਾਲੇ ਦੇ ਪੰਜਾਬ ਵਿਚਲੇ ਖੇਤਰੀ ਦਫ਼ਤਰ ਨੇ ਕੰਪਨੀ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਉਣ ਲਈ ਲਿਖਿਆ ਹੈ। ਮੈਸਰਜ਼ ਜੀ ਡੀ ਫਿਊਮੀਗੇਸ਼ਨ ਦਾ ਅੰਬਾਲਾ ’ਚ ਵੀ ਦਫ਼ਤਰ ਹੈ। ਜਦੋਂ ਉੱਚ ਅਫਸਰਾਂ ਨੇ ਇਸ ਕੰਪਨੀ ਦਾ ਸੁਭਾਨਪੁਰ ਵਿਚਲਾ ਦਫ਼ਤਰ ਦੇਖਿਆ ਤਾਂ ਉਸ ਨੂੰ ਜਿੰਦਰਾ ਵੱਜਿਆ ਹੋਇਆ ਸੀ ਅਤੇ ਬਾਹਰ ਲੱਗਿਆ ਬੋਰਡ ਵੀ ਢੁਕਵਾਂ ਨਹੀਂ ਸੀ। ਸੂਤਰਾਂ ਅਨੁਸਾਰ ਹਾਲਾਤ ਤੋਂ ਜਾਪਦਾ ਹੈ ਕਿ ਕੰਪਨੀ ਕੰਮ ਕਿਤੇ ਹੋਰ ਕਰ ਰਹੀ ਸੀ ਅਤੇ ਇੱਥੇ ਸਿਰਫ ਫੱਟਾ ਹੀ ਲਾਇਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚੋਂ 90 ਫ਼ੀਸਦੀ ਬਾਸਮਤੀ ਆਸਟਰੇਲੀਆ ਸਮੇਤ ਯੂਰਪੀ ਮੁਲਕਾਂ ਨੂੰ ਬਰਾਮਦ ਹੁੰਦੀ ਹੈ। ਵਿਦੇਸ਼ਾਂ ਨੂੰ ਮਾਲ ਭੇਜਣ ਵੇਲੇ ਕੰਟੇਨਰ ਵਿੱਚ ਉਤਪਾਦ ਪੈਕ ਕਰ ਕੇ ਉਸ ਨੂੰ ਸੁਰੱਖਿਅਤ ਰੱਖਣ ਲਈ ਫਿਊਮੀਗੇਸ਼ਨ ਕੰਪਨੀਆਂ ਵੱਲੋਂ ਗੈਸ ਛੱਡੀ ਜਾਂਦੀ ਹੈ। ਆਸਟਰੇਲੀਆ ਬਾਇਓ-ਸਕਿਓਰਿਟੀ ਨਿਯਮਾਂ ਦੀ ਪਾਲਣਾ ਪੱਖੋਂ ਬਹੁਤ ਸਖ਼ਤ ਹੈ। ਕੁੱਝ ਅਰਸਾ ਪਹਿਲਾਂ ਆਸਟਰੇਲੀਆ ਨੇ ਕੰਟੇਨਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਫਿਊਮੀਗੇਸ਼ਨ ਵਿੱਚ ਕਮੀਆਂ ਮਿਲਣ ’ਤੇ 44 ਭਾਰਤੀ ਕੰਪਨੀਆਂ ’ਤੇ ਰੋਕ ਲਾ ਦਿੱਤੀ ਸੀ। ਇਸੇ ਸਖ਼ਤੀ ਤਹਿਤ ਪਹਿਲਾਂ ਪੰਜਾਬ-ਹਰਿਆਣਾ ਦੀਆਂ ਅੱਠ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਸਨ ਅਤੇ ਹੁਣ ਜੀ ਡੀ ਫਿਊਮੀਗੇਸ਼ਨ ਦੀ ਮਾਨਤਾ ਵੀ ਮੁਅੱਤਲ ਕਰ ਦਿੱਤੀ ਗਈ ਹੈ।
ਬਰਾਮਦਕਾਰਾਂ ਨੂੰ ਕਰੋੜਾਂ ਦਾ ਨੁਕਸਾਨ
ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਫਿਊਮੀਗੇਸ਼ਨ ਕੰਪਨੀ ਦੀ ਇਸ ਗ਼ਲਤੀ ਦਾ ਖ਼ਮਿਆਜ਼ਾ ਬਰਾਮਦਕਾਰਾਂ ਨੂੰ ਭੁਗਤਣਾ ਪਿਆ ਹੈ। ਆਸਟਰੇਲੀਆ ਸਰਕਾਰ ਨੇ ਬਾਸਮਤੀ ਦੇ ਕੰਟੇਨਰਾਂ ਦੀ ਆਪਣੇ ਮੁਲਕ ਵਿੱਚ ਮੁੜ ਫਿਊਮੀਗੇਸ਼ਨ ਕਰਵਾਈ, ਜਿਸ ਦਾ ਕਰੀਬ 9 ਲੱਖ ਰੁਪਏ ਪ੍ਰਤੀ ਕੰਟੇਨਰ ਦਾ ਖ਼ਰਚਾ ਬਰਾਮਦਕਾਰਾਂ ਨੂੰ ਝੱਲਣਾ ਪਿਆ। ਬਰਾਮਦਕਾਰਾਂ ਨੇ ਐਕਸਪੋਰਟ ਵਿਕਾਸ ਅਥਾਰਿਟੀ ਨੂੰ ਪੱਤਰ ਲਿਖ ਕੇ ਇਸ ਖ਼ਰਚੇ ਤੋਂ ਛੋਟ ਦੇਣ ਦੀ ਮੰਗ ਵੀ ਕੀਤੀ ਹੈ।

